ਲੁਧਿਆਣਾ ਮਗਰੋਂ ਦਿੱਲੀ ’ਚ ਵੀ ਰਾਜੀਵ ਗਾਂਧੀ ਦੇ ਨਾਂ ’ਤੇ ਕਾਲਖ

Rajiv Gandhi Name

ਚੰਡੀਗੜ੍ਹ: ਲੁਧਿਆਣਾ ਦੀ ਤਰਜ ’ਤੇ ਦਿੱਲੀ ਵਿੱਚ ਵੀ ਰਾਜੀਵ ਗਾਂਧੀ ਦੇ ਨਾਂ ਉੱਤੇ ਕਾਲਖ ਮਲੀ ਗਈ। ਕਨਾਟ ਪਲੇਸ ਦੇ ਰਾਜੀਵ ਚੌਕ ਮੈਟਰੋ ਸਟੇਸ਼ਨ ’ਤੇ ਲੱਗੇ ਬੋਰਡ ਉੱਤੇ 1984 ਸਿੱਖ ਕਤਲੇਆਮ ਦੇ ਪੀੜਤਾਂ ਨੇ ਪਹਿਲਾਂ ਰਾਜੀਵ ਦੇ ਨਾਂ ‘ਤੇ ਕਾਲ਼ੀ ਸਪ੍ਰੇਅ ਮਾਰੀ ਤੇ ਬਾਅਦ ਵਿੱਚ ਜੁੱਤੀਆਂ ਦਾ ਹਾਰ ਵੀ ਪਾਇਆ।

ਇਸ ਮੌਕੇ ਦੰਗਾ ਪੀੜਤਾਂ ਨੇ ਕਿਹਾ ਕਿ ਰਾਜੀਵ ਗਾਂਧੀ 1984 ਦੰਗਿਆਂ ਵਿੱਚ ਮਾਰੇ ਸਿੱਖਾਂ ਦੇ ਕਾਤਲ ਹਨ। ਉਨ੍ਹਾਂ ਨੇ ਰਾਜੀਵ ਦੇ ਨਾਂ ’ਤੇ ਬਣੀਆਂ ਸਾਰੀਆਂ ਚੀਜ਼ਾਂ ਹਟਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਰਾਜੀਵ ਗਾਂਧੀ ਦੇ ਨਾਂ ’ਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਨਾਂ ਲਿਖਣਾ ਚਾਹੀਦਾ ਹੈ।

ਦੰਗਾ ਪੀੜਤਾਂ ਨੇ ਚੇਤਾਵਨੀ ਦਿੱਤੀ ਕਿ ਪੂਰੇ ਦਿੱਲੀ ਵਿੱਚ ਜਿੱਥੇ-ਜਿੱਥੇ ਵੀ ਰਾਜੀਵ ਦਾ ਨਾਂ ਹੋਏਗਾ, ਉਹ ਉੱਥੇ-ਉੱਥੇ ਰਾਜੀਵ ਦੇ ਨਾਂ ’ਤੇ ਕਾਲਖ ਮਲਣਗੇ। ਉਨ੍ਹਾਂ ਕਿਹਾ ਕਿ ਲੁਧਿਆਣਾ ਵਿੱਚ ਅਕਾਲੀ ਦਲ ਨੇ ਜੋ ਕੀਤਾ, ਉਹ ਬਿਲਕੁਲ ਸਹੀ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੁਲਿਸ ਦਾ ਵੀ ਕੋਈ ਡਰ ਨਹੀਂ ਹੈ। ਪੁਲਿਸ ਉਨ੍ਹਾਂ ਨੂੰ ਫੜ ਵੀ ਲਵੇ, ਉਹ ਕਾਲਖ ਮਲਦੇ ਰਹਿਣਗੇ।

Source:AbpSanjha