ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ ਆਪਣੀ 30 ਏਕੜ ਜ਼ਮੀਨ, ਕੋਠੀ ਅਤੇ ਸਾਰੇ ਵਾਹਨ ਇੱਥੇ ਕੰਮ ਕਰਦੇ ਮੁਲਾਜ਼ਮਾਂ ਨੂੰ ਦਾਨ ਕਰ ਦਿੱਤੇ। ਇਹ ਕਰਮਚਾਰੀ ਲੰਬੇ ਸਮੇਂ ਤੋਂ ਬਜ਼ੁਰਗ ਨਾਲ ਕੰਮ ਕਰ ਰਹੇ ਸਨ। ਜਾਣਕਾਰੀ ਅਨੁਸਾਰ 87 ਸਾਲਾ ਬਲਜੀਤ ਸਿੰਘ ਮਾਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬਾਮ ਦਾ ਵਸਨੀਕ ਹੈ। ਇਸ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕਾਫੀ ਚਰਚਾ ਹੋ ਰਹੀ ਹੈ।
ਦੱਸ ਦੇਈਏ ਕਿ ਬਲਜੀਤ ਸਿੰਘ ਦੀ ਕੋਈ ਔਲਾਦ ਨਹੀਂ ਹੈ। ਉਨ੍ਹਾਂ ਦੀ ਪਿੰਡ ਬਾਮ ਵਿੱਚ ਕਰੀਬ 30 ਏਕੜ ਜ਼ਮੀਨ ਸੀ। ਬਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਦੀ ਸਾਲ 2011 ਵਿੱਚ ਮੌਤ ਹੋ ਗਈ ਸੀ। ਜਦੋਂ ਪਤਨੀ ਜ਼ਿੰਦਾ ਸੀ ਤਾਂ ਦੋਵਾਂ ਨੇ ਫੈਸਲਾ ਕੀਤਾ ਸੀ ਕਿ ਉਹ ਕਿਸੇ ਵੀ ਕੀਮਤ ‘ਤੇ ਆਪਣੀ ਜਾਇਦਾਦ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਹੱਥ ਨਹੀਂ ਲੱਗਣ ਦੇਣਗੇ।
ਬਲਜੀਤ ਸਿੰਘ ਨੇ ਕਿਹਾ ਕਿ ਇੱਕ ਵਾਰ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਉਨ੍ਹਾਂ ਦੀ ਜ਼ਮੀਨ ਨੂੰ ਕੁਰਕ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦੇ ਬਾਅਦ ਉਨ੍ਹਾਂ ਨੇ ਦਾਨ ਕਰਨ ਦਾ ਫੈਸਲਾ ਕੀਤਾ। ਉਹ ਬਠਿੰਡੇ ਪੈਟਰੋਲ ਪੰਪ ਉੱਤੇ ਕੰਮ ਕਰਨ ਵਾਲੇ ਇਕਬਾਲ ਨਾਮ ਦੇ ਕਰਮਚਾਰੀ ਦੇ ਨਾਮ 19 ਏਕੜ ਜ਼ਮੀਨ ਕਰ ਦਿੱਤੀ ਹੈ। ਇਸ ਤੋਂ ਇਲਾਵਾ ਦੋ ਹੋਰ ਲੋਕਾਂ ਦੇ ਨਾਮ 6 ਅਤੇ 4 ਏਕੜ ਜ਼ਮੀਨ ਕੀਤੀ ਹੈ। ਸਭ ਦੇ ਨਾਮ ਤੇ ਰਜਿਸਟਰੀ ਕਰਾਈ ਗਈ ਹੈ।
ਇਕਬਾਲ ਸਿੰਘ ਨੇ ਕਿਹਾ – ਮੈਂ ਜ਼ਮੀਨ ਮਿਲਣ ਨਾਲ ਬਹੁਤ ਖੁਸ਼ ਹਾਂ
ਇਸ ਬਾਰੇ ਜਦੋਂ ਇਕਬਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਂ ਬਹੁਤ ਮਿਹਨਤ ਨਾਲ ਕੰਮ ਕੀਤਾ ਹੈ। ਇਹ ਜ਼ਮੀਨ ਮਿਲਣ ਕਰਕੇ ਉਹ ਬਹੁਤ ਖੁਸ਼ ਹੈ। ਇਕਬਾਲ ਸਿੰਘ ਨੇ ਦੱਸਿਆ ਕਿ ਬਲਜੀਤ ਸਿੰਘ ਨੇ ਆਪਣੀ ਆਲੀਸ਼ਾਨ ਕੋਠੀ ਵੀ ਉਨ੍ਹਾਂ ਨੂੰ ਸੌਂਪ ਦਿੱਤੀ ਹੈ। ਬਲਜੀਤ ਸਿੰਘ ਖ਼ੁਦ ਫਾਰਮ ’ਤੇ ਬਣੇ ਦੋ ਕਮਰਿਆਂ ਦੇ ਮਕਾਨ ਵਿੱਚ ਰਹਿ ਰਿਹਾ ਹੈ। ਬਲਜੀਤ ਸਿੰਘ ਦੇ ਰਿਸ਼ਤੇਦਾਰਾਂ ਨਾਲ ਪੈਸਿਆਂ ਦੇ ਲੈਣ-ਦੇਣ ਦੇ ਝਗੜੇ ਬਾਰੇ ਇਕਬਾਲ ਸਿੰਘ ਨੇ ਕਿਹਾ ਕਿ ਇਹ ਲੈਣ-ਦੇਣ ਪੈਟਰੋਲ ਪੰਪ ਨਾਲ ਸਬੰਧਤ ਹੈ, ਜ਼ਮੀਨ ਸਬੰਧੀ ਅਜਿਹਾ ਕੋਈ ਮਾਮਲਾ ਨਹੀਂ ਹੈ।