Jalandhar : ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦਾ SGPC ਤੇ ਨਿਸ਼ਾਨਾ

gajendra-shekhawat

ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਸੋਮਵਾਰ ਨੂੰ ਜਲੰਧਰ ਪਹੁੰਚੇ ਅਤੇ ਕਾਂਗਰਸ, ‘ਆਪ’, ਅਕਾਲੀ ਦਲ ਅਤੇ ਬਸਪਾ ਦੇ ਕਈ ਨੇਤਾਵਾਂ ਨੂੰ ਪਾਰਟੀ ‘ਚ ਸ਼ਾਮਲ ਕੀਤਾ। ਇਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਉਨ੍ਹਾਂ ਦੀ ਰਿਹਾਈ ਲਈ ਸ਼ੁਰੂ ਕੀਤੀ ਗਈ ਮੁਹਿੰਮ ‘ਤੇ ਉਨ੍ਹਾਂ ਨੇ ਖੁਦ ਹਸਤਾਖਰ ਕੀਤੇ ਹਨ, ਪਰ ਅਜੇ ਤੱਕ ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਨੂੰ ਕੋਈ ਸੂਚੀ ਮੁਹੱਈਆ ਨਹੀਂ ਕਰਵਾਈ, ਜਿਸ ਨਾਲ ਪਤਾ ਲੱਗ ਸਕੇ ਕਿ ਕਿੰਨੇ ਸਿੰਘ ਸਜ਼ਾ ਖਤਮ ਹੋਣ ਦੇ ਬਾਵਜੂਦ ਜੇਲ੍ਹ ਵਿੱਚ ਬੰਦ ਹਨ।

ਗਜੇਂਦਰ ਸਿੰਘ ਸ਼ੇਖਾਵਤ ਨੇ ਸਾਬਕਾ ਕਾਂਗਰਸੀ ਕੌਂਸਲਰ ਵਿਪਨ ਕੁਮਾਰ, ਕਾਂਗਰਸੀ ਆਗੂ ਮੇਜਰ ਸਿੰਘ, ਅਕਾਲੀ ਦਲ ਦੇ ਸੇਠ ਸਤਪਾਲ ਮੱਲ, ‘ਆਪ’ ਆਗੂ ਡਾ: ਸ਼ਿਵ ਦਿਆਲ ਮਾਲੀ, ਬਸਪਾ ਆਗੂ ਅਨਿਲ ਮੀਨੀਆ, ਕਾਂਗਰਸੀ ਆਗੂ ਮਨੋਜ ਅਗਰਵਾਲ, ਮਾਡਲ ਟਾਊਨ ਮਾਰਕੀਟ ਦੇ ਪ੍ਰਧਾਨ ਰਾਜੀਵ ਦੁੱਗਲ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ।

ਇਸ ਮੌਕੇ ਸ਼ੇਖਾਵਤ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਦਾ ਪਰਿਵਾਰ ਲਗਾਤਾਰ ਵੱਧ ਰਿਹਾ ਹੈ ਅਤੇ ਲੋਕ ਭਾਜਪਾ ਦੀ ਸੋਚ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਭਾਜਪਾ ਵਿੱਚ ਲੋਕਾਂ ਦੀ ਵੱਧ ਰਹੀ ਆਮਦ ਤੋਂ ਸਪੱਸ਼ਟ ਹੈ ਕਿ ਆਉਣ ਵਾਲੀਆਂ ਸਥਾਨਕ ਚੋਣਾਂ ਵਿੱਚ ਭਾਜਪਾ ਦੀ ਹੀ ਜਿੱਤ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪੇਂਡੂ ਖੇਤਰਾਂ ਵਿੱਚ ਭਾਜਪਾ ਦਾ ਜਨ ਆਧਾਰ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਹੁਣ ਪਿੰਡਾਂ ਵਿੱਚ ਤਬਦੀਲੀ ਦੀ ਲਹਿਰ ਚੱਲ ਰਹੀ ਹੈ। ਬਦਲਾਅ ਦੀ ਇਸ ਲਹਿਰ ਵਿੱਚ ‘ਆਪ’ ਦੇ ਧੋਖੇ ਦਾ ਸ਼ਿਕਾਰ ਹੋਏ ਕਈ ਆਗੂ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ। ਇਸ ਦੌਰਾਨ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ, ਜ਼ਿਲ੍ਹਾ ਯੂਥ ਪ੍ਰਧਾਨ ਪੰਕਜ ਜੁਲਕਾ, ਸਾਬਕਾ ਵਿਧਾਇਕ ਕੇਡੀ ਭੰਡਾਰੀ ਹਾਜ਼ਰ ਸਨ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ