ਕਰਤਾਰਪੁਰ ਲਾਂਘਾ ਬਣ ਸਕਦੈ ਭਾਰਤ ‘ਚ ਹੜ੍ਹ ਦਾ ਕਾਰਣ, ਗੱਲਬਾਤ ਲਈ ਬੈਠਕ ਅੱਜ

kartarpur corridor

ਕਰਤਾਰਪੁਰ ਲਾਂਘੇ ਸਬੰਧੀ ਭਾਰਤ ਤੇ ਪਾਕਿਸਤਾਨ ਵਿਚਾਲੇ ਚੱਲ ਰਹੀ ਕੂਟਨੀਤਿਕ ਰੱਸਾਕੱਸੀ ਵਿਚਾਲੇ ਭਾਰਤ ਤੇ ਪਾਕਿਸਤਾਨ ਅੱਜ ਇੱਕ ਵਾਰ ਫਿਰ ਤਕਨੀਕੀ ਪੱਧਰ ‘ਤੇ ਗੱਲਬਾਤ ਕਰਨ ਲਈ ਮਿਲ ਰਹੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਯੋਜਨਾ ਦੇ ਤਹਿਤ ਪਾਕਿਸਤਾਨੀ ਸੀਮਾ ਖੇਤਰ ਵਿੱਚ ਰਾਵੀ ਦਰਿਆ ‘ਤੇ ਇੱਕ ਪੁਲ਼ ਵੀ ਬਣੇਗਾ। ਮੰਨਿਆ ਜਾ ਰਿਹਾ ਹੈ ਕਿ ਇਸ ਪੁਲ਼ ਦੇ ਨਿਰਮਾਣ ਨਾਲ ਭਾਰਤ ਵਿੱਚ ਹੜ੍ਹ ਦਾ ਖ਼ਤਰਾ ਵਧ ਸਕਦਾ ਹੈ। ਇਹ ਦੋਵਾਂ ਦੇਸ਼ਾਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਅੱਜ ਦੀ ਬੈਠਕ ਵਿੱਚ ਇਸ ਵਿਸ਼ੇ ਬਾਰੇ ਚਰਚਾ ਕੀਤੀ ਜਾਏਗੀ।

ਭਾਰਤ-ਪਾਕਿਸਤਾਨ ਦੀ ਜ਼ੀਰੋ ਲਾਈਨ ‘ਤੇ ਹੋਣ ਵਾਲੀ ਇਸ ਬੈਠਕ ਦੌਰਾਨ ਦੋਵਾਂ ਮੁਲਕਾਂ ਦੇ ਅਧਿਕਾਰੀ ਕਰਤਾਰਪੁਰ ਗਲਿਆਰੇ ਦੇ ਪ੍ਰਸਤਾਵਿਤ ਨਿਰਮਾਣ ਸਬੰਧੀ ਤਕਨੀਕੀ ਪਹਿਲੂਆਂ ਬਾਰੇ ਵਿਚਾਰ ਕਰਨਗੇ। ਸਰਕਾਰੀ ਸੂਤਰਾਂ ਮੁਤਾਬਕ ਇਸ ਬੈਠਕ ਦੇ ਏਜੰਡੇ ਵਿੱਚ ਮੁੱਖ ਤੌਰ ‘ਤੇ ਕਰਤਾਰਪੁਰ ਲਾਂਘੇ ਦੀ ਯੋਜਨਾ ਦੇ ਜਲਵਿਗਿਆਨਿਕ ਪਹਿਲੂ ਤੇ ਨਿਰਮਾਣ ਕਾਰਜਾਂ ਦੇ ਤਕਨੀਕੀ ਪਹਿਲੂ ਹੋਣਗੇ।

ਇਹ ਵੀ ਪੜ੍ਹੋ : ਭਾਰਤ ਵਲੋਂ ਕਰਤਾਰਪੁਰ ਲਾਂਘੇ ਦਾ ਨਿਰਮਾਣ ਕਾਰਜ ਸ਼ੁਰੂ, ਸਮੇਂ ਤੋਂ ਪਹਿਲਾਂ ਲਾਂਘਾ ਬਣਾਉਣ ਦਾ ਕੀਤਾ ਦਾਅਵਾ

ਇਸ ਤੋਂ ਇਲਾਵਾ ਬੈਠਕ ਵਿੱਚ ਕਰਤਾਰਪੁਰ ਯੋਜਨਾ ਵਿੱਚ ਬਣਨ ਵਾਲੇ ਗੇਟ ਤੇ ਇੰਟੀਗ੍ਰੇਟਿਡ ਚੈਕ ਪੋਸਟ ਦੇ ਤਕਨੀਕੀ ਪੱਖਾਂ ਬਾਰੇ ਵੀ ਚਰਚਾ ਕੀਤੀ ਜਾਏਗੀ। ਦੱਸ ਦੇਈਏ ਪਾਕਿਸਤਾਨ ਵੱਲੋਂ ਖ਼ਾਲਿਸਤਾਨੀ ਤੱਤਾਂ ਨੂੰ ਲਾਂਘੇ ਸਬੰਧੀ ਕਮੇਟੀ ਵਿੱਚ ਥਾਂ ਦਿੱਤੇ ਜਾਣ ‘ਤੇ ਸਪਸ਼ਟੀਕਰਨ ਮੰਗਦਿਆਂ ਭਾਰਤ ਨੇ 2 ਅਪਰੈਲ ਨੂੰ ਨਿਰਧਾਰਿਤ ਗੱਲਬਾਤ ਟਾਲ਼ ਦਿੱਤੀ ਸੀ ਹਾਲਾਂਕਿ ਤਕਨੀਕੀ ਪਹਿਲੂਆਂ ‘ਤੇ ਚਰਚਾ ਲਈ ਨਵੀਂ ਦਿੱਲੀ ਨੇ ਬਾਅਦ ਵਿੱਚ 16 ਅਪਰੈਲ ਦੀ ਤਾਰੀਖ਼ ਸੁਝਾਈ ਸੀ। ਇਸ ‘ਤੇ ਪਾਕਿਸਤਾਨ ਨੇ ਰਜ਼ਾਮੰਦੀ ਜਤਾ ਦਿੱਤੀ ਸੀ।

Source:AbpSanjha