ਭਾਰਤ ਵਲੋਂ ਕਰਤਾਰਪੁਰ ਲਾਂਘੇ ਦਾ ਨਿਰਮਾਣ ਕਾਰਜ ਸ਼ੁਰੂ, ਸਮੇਂ ਤੋਂ ਪਹਿਲਾਂ ਲਾਂਘਾ ਬਣਾਉਣ ਦਾ ਕੀਤਾ ਦਾਅਵਾ

kartarpur corridor work starts

ਭਾਰਤ ਵਾਲੇ ਪਾਸਿਓਂ ਕਰਤਾਰਪੁਰ ਲਾਂਘੇ ਦਾ ਨਿਰਮਾਣ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਡੇਰਾ ਬਾਬਾ ਨਾਨਕ ਤੋਂ ਲੈ ਕੇ ਜ਼ੀਰੋ ਲਾਈਨ ਤਕ ਬਣਾਈ ਜਾ ਰਹੀ ਸੜਕ ਨੂੰ ਬਣਾਉਣ ਵਾਲੀ ਕੰਸਟਰੱਕਸ਼ਨ ਕੰਪਨੀ ਨੇ ਕੰਮ ਸ਼ੁਰੂ ਕਰ ਦਿੱਤਾ ਹੈ। ਕੰਪਨੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਦੀ ਤੈਅ ਸਮੇਂ ਤੋਂ ਪਹਿਲਾਂ ਹੀ ਲਾਂਘੇ ਦਾ ਕੰਮ ਪੂਰਾ ਕਰ ਦਿੱਤਾ ਜਾਵੇਗਾ। ਇਸਦੇ ਨਾਲ ਹੀ ਐਸਡੀਐਮ ਡੇਰਾ ਬਾਬਾ ਨਾਨਕ ਗੁਰਸਿਮਰਨ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਜੋ ਜ਼ਿੰਮੇਵਾਰੀ ਸੀ, ਉਹ ਉਨ੍ਹਾਂ ਨੇ ਪੂਰੀ ਕਰ ਦਿੱਤੀ ਹੈ। ਛੇਤੀ ਹੀ ਕਿਸਾਨਾਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ ਦਾ ਤੈਅ ਮੁੱਲ ਮਿਲ ਜਾਵੇਗਾ। ਕਿਸਾਨਾਂ ਦੀ ਕਣਕ ਦੀ ਫਸਲ ਤੇ ਸਬਜ਼ੀਆਂ ਦਾ ਜੋ ਨੁਕਸਾਨ ਹੋਇਆ ਹੈ, ਉਸ ਦਾ ਵੀ ਮੁਆਵਜ਼ਾ ਦਿੱਤਾ ਜਾਏਗਾ।

ਲਾਂਘਾ ਬਣਾਉਣ ਵਾਲੀ ਕੰਸਟਰੱਕਸ਼ਨ ਕੰਪਨੀ ਦੇ ਵਾਈਸ ਪ੍ਰੇਜ਼ੀਡੈਂਟ ਜਤਿੰਦਰ ਸਿੰਘ ਨੇ ਦੱਸਿਆ ਕਿ ਭਾਰਤ ਵਾਲੇ ਪਾਸੇ ਬਣਾਇਆ ਜਾ ਰਿਹਾ ਮੁੱਖ ਮਾਰਗ ਚਹੁੰ-ਮਾਰਗੀ ਹੋਵੇਗਾ, ਜਿਸ ਦੀ ਕਰੀਬ 4 ਕਿਲੋਮੀਟਰ ਲੰਮਾ ਤੇ 200 ਫੁੱਟ ਚੌੜਾ ਹੋਵੇਗਾ। ਇਹ ਇੱਕ ਤਰ੍ਹਾਂ ਦਾ ਹਾਈਵੇ ਹੋਵੇਗਾ ਜੋ ਦੋ ਦੇਸ਼ਾਂ ਦੇ ਵਿਚਕਾਰ ਬਣਨ ਵਾਲੇ ਲਾਂਘੇ ਦਾ ਭਾਰਤ ਵੱਲੋਂ ਮੁੱਖ ਰਾਹ ਹੋਵੇਗਾ।

ਇਹ ਵੀ ਪੜ੍ਹੋ : ਪੰਜਾਬ ਯੂਨੀਵਰਸਿਟੀ ਨੇ ਪੰਜਾਬ ਦੇ ਦਲਿਤ ਵਿਦਿਆਰਥੀਆਂ ਦੀ ਡਿਗਰੀਆਂ ‘ਤੇ ਲਗਾਈ ਰੋਕ

ਉਨ੍ਹਾਂ ਦੱਸਿਆ ਕਿ ਇਸ ਮੁੱਖ ਰਾਹ ਦੀ ਉਸਾਰੀ ਨੂੰ ਲੈ ਕੇ ਕਿਸਾਨਾਂ ਦੀ ਜੋ ਜ਼ਮੀਨ ਚਾਹੀਦੀ ਸੀ, ਉਸ ਨੂੰ ਐਕੁਆਇਰ ਕਰ ਲਿਆ ਗਿਆ ਹੈ। ਹੁਣ ਹਾੜੀ ਦੀ ਫਸਲ ਦੀ ਕਟਾਈ ਦੇ ਬਾਅਦ ਮਿੱਟੀ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਇਸ ਸੜਕ ਦੇ ਨਾਲ ਹੀ ਭਾਰਤ ਦੀ ਕੰਡਿਆਲੀ ਤਾਰ ਵਿੱਚ ਇੱਕ ਪੁਲ ਬਣਾਇਆ ਜਾਵੇਗਾ। ਇਸ ਦਾ ਕੰਮ ਵੀ ਛੇਤੀ ਸ਼ੁਰੂ ਹੋਏਗਾ।

ਉਨ੍ਹਾਂ ਦੱਸਿਆ ਕਿ ਲੈਂਡਪੋਰਟ ਅਥਾਰਿਟੀ ਵੱਲੋਂ ਬਣਾਏ ਜਾਣ ਵਾਲੇ ਇੰਟੀਗਰੇਟਿਡ ਚੈੱਕ ਪੋਸਟ ਟਰਮੀਨਲ ਦੀ ਉਸਾਰੀ ਵੀ ਕੁੱਝ ਹੀ ਦਿਨਾਂ ਵਿੱਚ ਸ਼ੁਰੂ ਕੀਤੀ ਜਾਏਗੀ। ਉਨ੍ਹਾਂ ਦਾਅਵਾ ਕੀਤਾ ਕਿ ਉਸਾਰੀ ਦਾ ਇਹ ਪੂਰਾ ਕੰਮ ਤੈਅ ਸਮੇਂ ਤੋਂ ਪਹਿਲਾਂ ਹੀ ਮੁਕੰਮਲ ਕਰ ਲਿਆ ਜਾਏਗਾ।