‘ਸੰਨੀ ਦਿਓਲ ਦੀ ਮੈਂਬਰਸ਼ਿਪ ਕੀਤੀ ਜਾਵੇ ਰੱਦ..’, BJP ਸੰਸਦ ਖਿਲਾਫ ਲੋਕ ਸਭਾ ਸਪੀਕਰ ਨੂੰ ਪੱਤਰ

ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 ‘ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ, ਤਾਂ ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਨੇ ਸੰਨੀ ‘ਚ ਅਸਲੀ ਹੀਰੋ ਦੇਖਿਆ । ਸੰਨੀ ਨੇ ਸਾਲ 2019 ਦੀਆਂ ਆਮ ਚੋਣਾਂ ਵਿਚ ਪੰਜਾਬ ਦੀ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਆਪਣੀ ਕਿਸਮਤ ਅਜ਼ਮਾਈ ਅਤੇ ਜਨਤਾ ਨੇ ਵੀ ਉਸ ਨੂੰ ਨਿਰਾਸ਼ ਨਹੀਂ ਕੀਤਾ। ਗੁਰਦਾਸਪੁਰ ਦੇ ਲੋਕਾਂ ਨੇ ਸੰਨੀ ਦਿਓਲ ਨੂੰ 84 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਵੱਡੀ ਜਿੱਤ ਦੇ ਕੇ ਲੋਕ ਸਭਾ ਵਿੱਚ ਭੇਜਿਆ।

ਲੋਕਾਂ ਨੂੰ ਉਮੀਦ ਸੀ ਕਿ ਵਿਨੋਦ ਖੰਨਾ ਵਾਂਗ ਸੰਨੀ ਦਿਓਲ ਵੀ ਇਲਾਕੇ ਦੇ ਵਿਕਾਸ ਲਈ ਕੁਝ ਵੱਖਰਾ ਕਰਨਗੇ। ਸੰਨੀ ਦਿਓਲ ਨੇ ਚੋਣ ਪ੍ਰਚਾਰ ਦੌਰਾਨ ਲੋਕ ਸਭਾ ਹਲਕੇ ਦੇ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਵੀ ਕੀਤੇ ਸਨ ਪਰ ਵਾਅਦਿਆਂ ਨੂੰ ਪੂਰਾ ਕਰਨਾ ਤਾਂ ਦੂਰ ਦੀ ਗੱਲ ਹੈ ਤੇ ਜਿੱਤ ਤੋਂ ਬਾਅਦ ਉਹ ਮੁੜ ਗੁਰਦਾਸਪੁਰ ਵਾਪਸ ਗਏ ਹੀ ਨਹੀਂ। ਇਸ ਨੂੰ ਲੈ ਕੇ ਲੋਕਾਂ ਵਿੱਚ ਰੋਸ ਵੱਧ ਰਿਹਾ ਹੈ। ਵਿਰੋਧੀਆਂ ਨੇ ਸੰਨੀ ਦਿਓਲ ਦੀ ਹਲਕੇ ਤੋਂ ਲਗਾਤਾਰ ਗੈਰ-ਹਾਜ਼ਰੀ ਅਤੇ ਲੋਕ ਸਭਾ ਤੋਂ ਗੈਰਹਾਜ਼ਰੀ ਨੂੰ ਵੀ ਮੁੱਦਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ।

ਗੁਰਦਾਸਪੁਰ ਦੇ ਮੁਹੱਲਾ ਸੰਤ ਨਗਰ ਦੇ ਰਹਿਣ ਵਾਲੇ ਅਮਰਜੋਤ ਸਿੰਘ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖ ਕੇ ਸੰਨੀ ਦਿਓਲ ਦੀ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕੀਤੀ ਹੈ। ਅਮਰਜੋਤ ਸਿੰਘ ਨੇ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਸੰਨੀ ਦਿਓਲ ਕਰੀਬ ਚਾਰ ਸਾਲਾਂ ਤੋਂ ਆਪਣੇ ਲੋਕ ਸਭਾ ਹਲਕੇ ਤੋਂ ਗੈਰਹਾਜ਼ਰ ਹਨ। ਗੁਰਦਾਸਪੁਰ ਦੇ ਲੋਕਾਂ ਨੇ ਉਨ੍ਹਾਂ ਨੂੰ ਵੱਡੀਆਂ ਉਮੀਦਾਂ ਨਾਲ ਚੁਣਿਆ ਹੈ।

ਅਮਰਜੋਤ ਨੇ ਲਿਖਿਆ ਹੈ ਕਿ ਉਹ ਗੁਰਦਾਸਪੁਰ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਅਸਫਲ ਰਹੇ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਅਜਿਹੇ ਗੈਰ-ਜ਼ਿੰਮੇਵਾਰ ਲੋਕ ਸਭਾ ਮੈਂਬਰ ਨੂੰ ਨਾ ਤਾਂ ਅਹੁਦੇ ‘ਤੇ ਬਣੇ ਰਹਿਣ ਦਾ ਅਧਿਕਾਰ ਹੈ ਅਤੇ ਨਾ ਹੀ ਤਨਖਾਹ ਅਤੇ ਹੋਰ ਭੱਤਿਆਂ ਸਮੇਤ ਸਰਕਾਰੀ ਸਹੂਲਤਾਂ ਲੈਣ ਦਾ। ਅਮਰਜੋਤ ਨੇ ਸਪੀਕਰ ਤੋਂ ਮੰਗ ਕੀਤੀ ਹੈ ਕਿ ਸੰਨੀ ਦਿਓਲ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕੀਤੀ ਜਾਵੇ ਅਤੇ ਤਨਖਾਹ ਤੇ ਭੱਤੇ ਬੰਦ ਕੀਤੇ ਜਾਣ।

ਰਾਸ਼ਟਰਪਤੀ ਨੂੰ ਵੀ ਲਿਖਿਆ ਪੱਤਰ

ਅਮਰਜੋਤ ਨੇ ਮੰਗ ਕੀਤੀ ਕਿ ਸੰਨੀ ਦਿਓਲ ਤੋਂ ਸਾਰੀਆਂ ਸਰਕਾਰੀ ਸਹੂਲਤਾਂ ਵਾਪਸ ਲਈਆਂ ਜਾਣ। ਜ਼ਿਕਰਯੋਗ ਹੈ ਕਿ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਵੱਲੋਂ ਚੋਣਾਂ ਤੋਂ ਬਾਅਦ ਵਾਪਸ ਨਾ ਆਉਣ ‘ਤੇ ਲੋਕਾਂ ਦਾ ਵਿਰੋਧ ਇਸ ਤੋਂ ਪਹਿਲਾਂ ਵੀ ਸਾਹਮਣੇ ਆ ਚੁੱਕਾ ਹੈ। ਗੁਰਦਾਸਪੁਰ ਵਿੱਚ ਵੀ ਲਾਪਤਾ ਸੰਨੀ ਦਿਓਲ ਦੇ ਪੋਸਟਰ ਲਾਏ ਗਏ ਹਨ। ਹਾਲ ਹੀ ਵਿੱਚ ਕਿਸੇ ਨੇ ਇਸ ਸਬੰਧੀ ਰਾਸ਼ਟਰਪਤੀ ਨੂੰ ਪੱਤਰ ਵੀ ਲਿਖਿਆ ਸੀ।

ਕਿਸੇ ਨੇ ਰਾਸ਼ਟਰਪਤੀ ਨੂੰ ਪੱਤਰ ਲਿਖ ਕੇ ਸੰਨੀ ਦਿਓਲ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕੀਤੀ ਸੀ। ਜ਼ਿਕਰਯੋਗ ਹੈ ਕਿ ਸੰਨੀ ਦਿਓਲ 2019 ‘ਚ ਭਾਜਪਾ ਦੀ ਟਿਕਟ ‘ਤੇ ਗੁਰਦਾਸਪੁਰ ਸੀਟ ਤੋਂ ਸੰਸਦ ਮੈਂਬਰ ਚੁਣੇ ਗਏ ਸਨ। ਸੰਨੀ ਦਿਓਲ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘GADAR-2’ ਦੀ ਪ੍ਰਮੋਸ਼ਨ ‘ਚ ਰੁੱਝੇ ਹੋਏ ਹਨ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ