ਕੋਹਲੀ ਦੀ ਬੰਗਲੌਰ ਦਾ IPL 2019 ਮਾੜਾ ਦੌਰ ਜਾਰੀ, ਇਸ ਸਾਲ ਦੇ 8 ਮੈਚਾਂ ‘ਚ 7ਵੀਂ ਹਾਰ

rcb vs mi ipl 2019

ਵਿਰਾਟ ਕੋਹਲੀ ਤੇ ਉਸ ਦੀ ਟੀਮ ਲਈ ਇਸ ਵਾਰ ਦਾ ਆਈਪੀਐਲ ਕਿਸੇ ਡਰਾਉਣੇ ਸੁਪਨੇ ਤੋਂ ਘੱਟ ਨਹੀਂ। 6 ਮੈਚਾਂ ਵਿੱਚ ਲਗਾਤਾਰ ਹਾਰ ਪਿੱਛੋਂ ਆਖ਼ਿਰਕਾਰ ਟੀਮ ਨੇ ਸੱਤਵੇਂ ਮੈਚ ਵਿੱਚ ਜਿੱਤ ਹਾਸਲ ਕੀਤੀ ਪਰ ਜਿਵੇਂ ਹੀ ਟੀਮ ਵਾਪਿਸ ਟਰੈਕ ‘ਤੇ ਆਉਣ ਲੱਗੀ ਤਾਂ ਮੁੰਬਈ ਨੇ ਉਸ ਨੂੰ ਫਿਰ ਵੱਡਾ ਝਟਕਾ ਦੇ ਦਿੱਤਾ ਹੈ। ਟੀਮ ਆਪਣਾ 8ਵਾਂ ਮੈਚ ਵੀ ਹਾਰ ਗਈ। ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਤੇ ਉਨ੍ਹਾਂ ਦੀ ਟੀਮ 8 ਮੈਚਾਂ ਵਿੱਚੋਂ 7 ਮੈਚ ਹਾਰ ਕੇ ਅੰਕ ਸਾਰਨੀ ਵਿੱਚ ਸਭ ਤੋਂ ਹੇਠਾਂ ਬਿਰਾਜਮਾਨ ਹੈ।

ਇਹ ਵੀ ਪੜ੍ਹੋ : ਵਿਸ਼ਵ ਕੱਪ 2019 ਲਈ ਭਾਰਤ ਟੀਮ ਦੇ 15 ਖਿਡਾਰੀਆਂ ਦਾ ਹੋਇਆ ਐਲਾਨ, ਜਾਣੋ ਕਿਸ ਨੂੰ ਮਿਲੀ ਥਾਂ

ਮੁੰਬਈ ਇੰਡੀਅਨਜ਼ ਨੇ ਸੋਮਵਾਰ ਨੂੰ ਆਖ਼ਰੀ ਓਵਰ ਵਿੱਚ ਖੇਡੀ ਹਾਰਦਿਕ ਪਾਂਡਿਆ ਦੀ ਪਾਰੀ ਦੇ ਸਹਾਰੇ ਰੌਇਲ ਚੈਲੇਂਜਰਸ ਬੰਗਲੌਰ ਨੂੰ ਪੰਜ ਵਿਕਟਾਂ ਨਾਲ ਹਰਾਇਆ। ਪਾਂਡਿਆ ਨੇ 16 ਗੇਂਦਾਂ ‘ਤੇ ਨਾਬਾਦ 37 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਵਾਨਖੇੜੇ ਸਟੇਡੀਅਮ ਵਿੱਚ ਖੇਡੇ ਮੈਚ ਦੌਰਾਨ ਬੰਗਲੌਰ ਵੱਲੋਂ ਅਬਰਾਹਮ ਡਿਵਿਲਿਅਰਸ (75) ਤੇ ਮੋਈਨ ਅਲੀ (50) ਦੀ ਅਰਧ ਸੈਂਕੜੀ ਪਾਰੀ ਦੇ ਸਹਾਰੇ 20 ਓਵਰਾਂ ਵਿੱਚ 171 ਦੌੜਾਂ ਬਣਾਈਆਂ ਸੀ।

ਇਸ ਲਕਸ਼ ਨੂੰ ਮੁੰਬਈ ਇੰਡੀਅਨਜ਼ ਨੇ 19 ਓਵਰਾਂ ਵਿੱਚ ਪੰਜ ਵਿਕਟਾਂ ਦੇ ਨੁਕਸਾਨ ‘ਤੇ ਹਾਸਲ ਕਰ ਲਿਆ। ਹਾਰਦਿਕ ਨੇ ਆਪਣੀ ਪਾਰੀ ਵਿੱਚ ਪੰਜ ਚੌਕੇ ਤੇ 2 ਛੱਕੇ ਮਾਰੇ। ਇਸ ਹਾਰ ਨੇ ਬੰਗਲੌਰ ਦੀ ਪਲੇਆਫ ਦੀ ਉਮੀਦ ਨੂੰ ਵੀ ਗਹਿਰੇ ਸੰਕਟ ਵਿੱਚ ਪਾ ਦਿੱਤਾ ਹੈ। ਅੱਠ ਮੈਚਾਂ ਵਿੱਚ ਇਹ ਉਸ ਦੀ ਸਤਵੀਂ ਹਾਰ ਹੈ।

Source:AbpSanjha