ਫੇਸਬੁੱਕ ਜ਼ਰੀਏ ਗੈਂਗਸਟਰ ਤੇ ਅੱਤਵਾਦੀ ਕਰ ਰਹੇ ਇੱਕ ਦੂਜੇ ਨਾਲ ਸੰਪਰਕ

facebook

ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਫੇਸਬੁੱਕ ਸਿਰਫ ਦੋਸਤਾਂ ਨੂੰ ਹੀ ਇੱਕ ਦੂਜੇ ਨਾਲ ਜੋੜਨ ਦਾ ਕੰਮ ਨਹੀਂ ਕਰਦੀ, ਬਲਕਿ ਕੌਮਾਂਤੀਰ ਗੈਂਗਸਟਰ, ਤਸਕਰ ਤੇ ਅੱਤਵਾਦੀ ਤੇ ਹੋਰ ਅਪਰਾਧੀ ਵੀ ਇਸ ਸੋਸ਼ਲ ਮੀਡੀਆ ਪਲੇਟਫਾਰਮ ਜ਼ਰੀਏ ਇੱਕ ਦੂਜੇ ਨਾਲ ਸੰਪਰਕ ਕਾਇਮ ਕਰਕੇ ਆਪਣੇ ਤੰਤਰ ਨੂੰ ਵਧਾ ਰਹੇ ਹਨ।

ਇਸ ਸਬੰਧੀ ਪਿਛਲੇ ਸਾਲ ਪੰਜਾਬ ਪੁਲਿਸ ਨੇ ਮੁਹਾਲੀ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਵੀ ਦਰਜ ਕਰਵਾਈ ਸੀ ਜਿਸ ਦੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਕਾਪੀ ਪੇਸ਼ ਕੀਤੀ ਗਈ। ਪੁਲਿਸ ਨੇ ਇਸ ਦੀ ਜ਼ਮਾਨਤ ਦੀ ਅਰਜ਼ੀ ਦਾ ਵਿਰੋਧ ਕੀਤਾ ਹੈ। ਐਫਆਈਆਰ ਮੁਤਾਬਕ ਕੌਮਾਂਤੀਰ ਗੈਂਗਸਟਰ, ਤਸਕਰ ਤੇ ਅੱਤਵਾਦੀ ਸੋਸ਼ਲ ਮੀਡੀਆ ਜ਼ਰੀਏ ਸੰਗਠਨ ਕਾਇਮ ਕਰ ਰਹੇ ਹਨ ਅਤੇ ਅੱਤਵਾਦੀਆਂ ਤੇ ਤਸਕਰਾਂ ਦੀ ਮਦਦ ਨਾਲ ਹੀ ਗੈਂਗਸਟਰ ਨਸ਼ਿਆਂ ਤੇ ਅਸਲੇ ਦੀ ਤਸਕਰੀ ਕਰ ਰਹੇ ਸਨ।

ਇਸ ਸਬੰਧੀ ਜਸਟਿਸ ਇੰਦਰਜੀਤ ਸਿੰਘ ਨੇ ਦੱਸਿਆ ਕਿ ਜੇਲ੍ਹਾਂ ਵਿੱਚ ਬੰਦ ਗੈਂਗਸਟਰ ਮੋਬਾਈਲ ਫੋਨ ਦਾ ਇਸਤੇਮਾਲ ਕਰਕੇ ਸੋਸ਼ਲ ਮੀਡੀਆ ਕੈਂਪੇਨ ਜ਼ਰੀਏ ਜੇਲ੍ਹ ਦੇ ਬਾਹਰ ਲੋਕਾਂ ਨੂੰ ਧਮਕਾਉਣ, ਤਸਕਰੀ, ਸੁਪਾਰੀ ਕਤਲ ਤੇ ਹੋਰ ਘਿਨੌਣੇ ਅਪਰਾਧ ਕਰਦੇ ਹਨ। ਪੁਲਿਸ ਦੇ ਇਸ ਇਲਜ਼ਾਮ ’ਤੇ ਦੋ ਪਟੀਸ਼ਨਰਾਂ ਗੌਰਵ ਕੁਮਾਰ ਤੇ ਚੰਦਰ ਪੁਰੀ ਨੇ ਪੰਜਾਬ ਖ਼ਿਲਾਫ਼ ਪਟੀਸ਼ਨ ਦਇਰ ਕੀਤੀ ਹੈ। ਦੋਵੇਂ ਪਟੀਸ਼ਨਰ ਅਗਵਾ, ਅਪਰਾਧਿਕ ਸਾਜ਼ਿਸ਼ ਅਤੇ ਹੋਰ ਅਪਰਾਧਾਂ ਲਈ ਦਰਜ ਕੀਤੀ ਗਈ ਐਫਆਈਆਰ ਦੀ ਜ਼ਮਾਨਤ ਦੀ ਮੰਗ ਕਰ ਰਹੇ ਸਨ। ਪੰਜਾਬ ਪੁਲਿਸ ਇਸ ਪਟੀਸ਼ਨ ਦਾ ਵਿਰੋਧ ਕਰ ਰਹੀ ਹੈ।

ਜਸਟਿਸ ਇੰਦਰਜੀਤ ਮੁਤਾਬਕ ਦੋਵਾਂ ਪਟਾਸ਼ਨਰਾਂ ਖਿਲਾਫ ਜੇਲ੍ਹ ਵਿੱਚੋਂ ਫਰਾਰ ਹੋਣ ਦੇ ਇਲਜ਼ਾਮ ਹਨ। ਗੌਰਵ ਕੁਮਾਰ ਨੂੰ ਹੋਰਨਾਂ ਮੁਲਜ਼ਮਾਂ ਦੇ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਨ੍ਹਾਂ ਤੋਂ ਨਜਾਇਜ਼ ਪਿਸਤੌਲ ਬਰਾਮਦ ਕੀਤੇ ਗਏ ਸਨ ਅਤੇ ਚੰਦਰ ਪੁਰੀ ਖਿਲਾਫ ਮੁੱਖ ਗੈਂਗਸਟਰ ਦਾ ਦੋਸਤ ਹੋਣ ਦੇ ਇਲਜ਼ਾਮ ਲੱਗੇ ਸਨ। ਇਹ ਸਾਰੇ ਪੁਰੀ ਦੀ ਫੇਸਬੁੱਕ ਪ੍ਰੋਫਾਈਲ ਤੋਂ ਇੱਕ ਦੂਜੇ ਨਾਲ ਸੰਪਰਕ ਕਰ ਰਹੇ ਸਨ।

Source:AbpSanjha