‘ਆਪ’ ਦਾ ਟਕਸਾਲੀਆਂ ਨਾਲ ਗਠਜੋੜ , ਸੁਖਪਾਲ ਖਹਿਰਾ ਨੂੰ ਕੀਤਾ ‘ਆਊਟ’

Bhagwant Mann ranjit singh brahmpura sukhpal khaira

ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨਾਲ ਗਠਜੋੜ ਹੋਣ ਕੀਤ ਪੁਸ਼ਟੀ ਕਰ ਦਿੱਤੀ ਹੈ। ਮਾਨ ਨੇ ਕਿਹਾ ਕਿ ਗਠਜੋੜ ਦੀ ਗੱਲ ਪੂਰੀ ਹੋ ਗਈ ਹੈ ਅਤੇ ਆਉਂਦੇ ਦੋ ਦਿਨਾਂ ਵਿੱਚ ਐਲਾਨ ਕਰ ਦਿੱਤਾ ਜਾਵੇਗਾ। ਇਸ ਦੀ ਪੁਸ਼ਟੀ ਬ੍ਰਹਮਪੁਰਾ ਨੇ ਵੀ ਕੀਤੀ ਹੈ, ਉਨ੍ਹਾਂ ਦਾ ਸੁਖਪਾਲ ਖਹਿਰਾ ਨਾਲ ਸੀਟਾਂ ਦਾ ਰੇੜਕਾ ਪੈ ਗਿਆ, ਜਿਸ ਕਾਰਨ ਗਠਜੋੜ ਸੰਭਵ ਨਹੀਂ।

ਬਰਨਾਲਾ ਪਹੁੰਚੇ ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਟਕਸਾਲੀ ਜਿੱਥੇ-ਜਿੱਥੇ ਚਾਹੁੰਣਗੇ ਉੱਥੇ ਸੀਟਾਂ ਦੇ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪਾਰਟੀ ਦੀ ਮਾਝਾ ਤੇ ਦੁਆਬਾ ਵਿੱਚ ਹਾਲਤ ਕੁਝ ਕਮਜ਼ੋਰ ਹੈ, ਜਿਸ ਨੂੰ ਟਕਸਾਲੀਆਂ ਨਾਲ ਮਿਲ ਕੇ ਪੂਰਾ ਕੀਤਾ ਜਾਵੇਗਾ। ਮਾਨ ਨੇ ਕਿਹਾ ਕਿ ਆਉਂਦੇ ਦਿਨਾਂ ਵਿੱਚ ਸੀਟਾਂ ‘ਤੇ ਸਹਿਮਤੀ ਬਣ ਸਕਦੀ ਹੈ।

ਉੱਧਰ, ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਹਰਪਾਲ ਚੀਮਾ ਨੇ ਵੀ ਖੁਲਾਸਾ ਕੀਤਾ ਕਿ ‘ਆਪ’ ਨੇ ਪਹਿਲਾਂ ਐਲਾਨੇ ਪੰਜ ਲੋਕ ਸਭਾ ਉਮੀਦਵਾਰਾਂ ਦੀਆਂ ਟਿਕਟਾਂ ਵੀ ਬਦਲੀਆਂ ਜਾ ਸਕਦੀਆਂ ਹਨ, ਜਦਕਿ ਭਗਵੰਤ ਮਾਨ ਨੇ ਬਦਲਾਅ ਤੋਂ ਸਾਫ ਇਨਕਾਰ ਕਰ ਦਿੱਤਾ।

ਅਜਿਹੇ ਵਿੱਚ ਕਿਹਾ ਜਾ ਸਕਦਾ ਹੈ ਕਿ ਪੰਜਾਬ ਡੈਮੋਕ੍ਰੈਟਿਕ ਫਰੰਟ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਆਪਣਾ ਸਮਰਥਨ ਵਾਪਸ ਲੈ ਸਕਦੇ ਹਨ ਅਤੇ ‘ਆਪ’ ਨਾਲ ਗਠਜੋੜ ਕਰ ਸਕਦੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਸੁਖਪਾਲ ਖਹਿਰਾ ਦੀ ਪੰਜਾਬ ਏਕਤਾ ਪਾਰਟੀ ਲਈ ਫਿਕਰ ਵਾਲੀ ਗੱਲ ਹੋਵੇਗੀ।

Source:AbpSanjha