ਅੰਮ੍ਰਿਤਸਰ : ਚੋਣਾਂ ਤੋਂ ਪਹਿਲਾਂ ਸਰਪੰਚ ਦੇ ਮੁੰਡੇ ਕੋਲੋਂ ਇੱਕ ਕਿੱਲੋ ‘ਚਿੱਟਾ’ ਤੇ ਹਥਿਆਰ ਬਰਾਮਦ

sarpanch son arrested with 1 kg herion

ਨਸ਼ਿਆਂ ਦੀ ਰੋਕਥਾਮ ਕਰਨ ਦੇ ਲਈ ਬਣੀ ਐਸਟੀਐਫ ਨੇ ਅੱਜ ਅੰਮ੍ਰਿਤਸਰ ਵਿੱਚ ਹੈਰੋਇਨ ਦੀ ਵੱਡੀ ਖੇਪ ਬਰਾਮਦ ਕੀਤੀ। ਅਜਨਾਲਾ ਸਬ ਡਵੀਜਨ ਅਧੀਨ ਪੈਂਦੇ ਪਿੰਡ ਖਾਨਵਾਲ ਦੇ ਮੌਜੂਦਾ ਸਰਪੰਚ ਦਾ ਲੜਕਾ ਆਪਣੇ ਸਾਥੀ ਨਾਲ ਇਹ ਨਸ਼ਾ ਕਿਤੇ ਲੈ ਕੇ ਜਾ ਰਿਹਾ ਸੀ। ਪੁਲਿਸ ਨੇ ਮੁਲਜ਼ਮਾਂ ਕੋਲੋਂ ਆਈ ਟਵੰਟੀ ਕਾਰ ਵਿੱਚੋਂ ਇੱਕ ਕਿਲੋ ਦਸ ਗ੍ਰਾਮ ਹੈਰੋਇਨ ਤੇ ਇੱਕ ਬੱਤੀ ਬੋਰ ਦਾ ਪਿਸਤੌਲ ਬਰਾਮਦ ਕੀਤਾ ਹੈ। ਦੋਵਾਂ ਮੁਲਜ਼ਮਾਂ ਦੇ ਖਿਲਾਫ ਮੁਹਾਲੀ ਦੇ ਐਸਟੀਐਫ ਥਾਣੇ ਵਿੱਚ ਐਨਡੀਪੀਐਸ ਐਕਟ ਤੇ ਅਸਲਾ ਐਕਟ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।

ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤਾ ਮੁਲਜ਼ਮ ਸੋਨੂੰ ਮਸੀਹ ਆਪਣੇ ਸਾਥੀ ਦਵਿੰਦਰ ਸਿੰਘ ਉਰਫ ਭੋਲੂ ਨਾਲ ਹੈਰੋਇਨ ਦੀ ਖੇਪ ਬਰਾਮਦ ਕਰਕੇ ਅੱਗੇ ਕਿਸੇ ਨੂੰ ਦੇਣ ਦੀ ਫਿਰਾਕ ਵਿੱਚ ਸੀ ਪਰ ਪੁਲਿਸ ਨੇ ਉਸ ਦੀ ਪੈੜ ਨੱਪ ਲਈ। ਐੱਸਟੀਐੱਫ ਮੁਤਾਬਕ ਸੋਨੂੰ ਮਸੀਹ ਅੰਮ੍ਰਿਤਸਰ ਦੇ ਹਥੌੜਾ ਗੈਂਗ ਨਾਲ ਸਬੰਧ ਰੱਖਦਾ ਹੈ। ਇਸ ਦਾ ਸਰਗਨਾ ਵੀ ਹਥੌੜਾ ਹੈ ਤੇ ਹਥੌੜੇ ਗੈਂਗ ਦੇ ਕੋਲੋਂ ਹੀ ਸੋਨੂੰ ਨੇ ਇਹ ਹੈਰੋਇਨ ਬਰਾਮਦ ਕੀਤੀ ਸੀ।

ਇਹ ਵੀ ਪੜ੍ਹੋ : ਪਾਕਿਸਤਾਨ ਤੋਂ ਭਾਰਤ ਭੇਜੀ ਜਾ ਰਹੀ 28 ਕਰੋੜ ਦੀ ਹੈਰੋਇਨ ਜ਼ਬਤ

ਦੱਸ ਦੇਈਏ ਸੋਨੂੰ ਮਸੀਹ ਦਾ ਪਿਤਾ ਰੂਪਾ ਮਸੀਹ ਅਜਨਾਲਾ ਸਬ ਡਵੀਜਨ ਦੇ ਪਿੰਡ ਖਾਨਵਾਲ ਦਾ ਮੌਜੂਦਾ ਸਰਪੰਚ ਹੈ ਤੇ ਸੱਤਾਧਾਰੀ ਕਾਂਗਰਸ ਪਾਰਟੀ ਦੇ ਨਜ਼ਦੀਕ ਦੱਸਿਆ ਜਾਂਦਾ ਹੈ ਜਦ ਕਿ ਪਿਛਲੇ ਸਮੇਂ ਵਿੱਚ ਉਸ ਦੇ ਅਕਾਲੀ ਸਰਕਾਰ ਨਾਲ ਵੀ ਸਬੰਧ ਰਹੇ ਹਨ। ਬੱਤੀ ਬੋਰ ਦੇ ਪਿਸਤੌਲ ਤੋਂ ਇਲਾਵਾ ਮੁਲਜ਼ਮਾਂ ਕੋਲੋਂ ਤਿੰਨ ਜ਼ਿੰਦਾ ਕਾਰਤੂਸ ਵੀ ਮਿਲੇ ਹਨ। ਤਫ਼ਤੀਸ਼ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਪਿਸਤੌਲ ਯੂਪੀ ਦੇ ਕਿਸੇ ਸ਼ਹਿਰ ਵਿੱਚੋਂ ਚਾਲੀ ਹਜ਼ਾਰ ਰੁਪਏ ਵਿੱਚ ਖ਼ਰੀਦਿਆ ਸੀ।

ਪੁਲਿਸ ਹਾਲਾਂਕਿ ਇਸ ਗੱਲ ਤੋਂ ਇਨਕਾਰ ਨਹੀਂ ਕਰ ਰਹੀ ਕਿ ਇਹ ਹੈਰੋਇਨ ਦੀ ਖੇਪ ਸਰਹੱਦ ਪਾਰ ਤੋਂ ਆਈ ਹੋ ਸਕਦੀ ਹੈ ਪਰ ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਇਸ ‘ਤੇ ਵੀ ਜਾਂਚ ਕਰ ਰਹੇ ਹਨ। ਜਾਂਚ ਲਈ ਮੁਲਜ਼ਮਾਂ ਦੇ ਮੋਬਾਈਲ ਫੋਨ ਵੀ ਖੰਗਾਲਣੇ ਸ਼ੁਰੂ ਕਰ ਦਿੱਤੇ ਹਨ। ਸੋਨੂੰ ਮਸੀਹ ਖੁਦ ਹੈਰੋਇਨ ਨਹੀਂ ਖਾਂਦਾ। ਉਹ ਬਾਡੀ ਬਿਲਡਰ ਹੈ। ਪੁਲਿਸ ਨੂੰ ਉਮੀਦ ਹੈ ਕਿ ਸੋਨੂੰ ਮਸੀਹ ਦੀ ਪੁੱਛਗਿਛ ਦੌਰਾਨ ਵੱਡੇ ਨਾਂ ਵੀ ਸਾਹਮਣੇ ਆ ਸਕਦੇ ਹਨ ਤੇ ਹੋਰ ਹੈਰੋਇਨ ਦੀ ਖੇਪ ਵੀ ਬਰਾਮਦ ਹੋ ਸਕਦੀ ਹੈ।

Source:AbpSanjha