ਡੀਐਸਪੀ ਵਲੋਂ ਸੁਖਬੀਰ ਬਾਦਲ ਦੇ ਪੈਰੀਂ ਪੈਣ ਤੇ ਮਜੀਠੀਆ ਬੋਲੇ, ‘ਜੇ ਅਫ਼ਸਰ ਲੱਗ ਗਿਆ ਤਾਂ ਰਿਸ਼ਤੇਦਾਰੀ ਥੋੜੀ ਭੁੱਲ ਜਾਊ’

dsp touching sukhbirs feet

ਸੁਖਬੀਰ ਬਾਦਲ ਦੇ ਪੈਰੀਂ ਪਏ ਬਠਿੰਡਾ ਦੇ ਡੀਐੱਸਪੀ ਕਰਨਸ਼ੇਰ ਸਿੰਘ ਬਾਰੇ ਬਿਕਰਮ ਮਜੀਠੀਆ ਨੇ ਕਿਹਾ ਕਿ ਬਾਦਲ ਪਰਿਵਾਰ ਕਰਨਸ਼ੇਰ ਦੀ ਗੂੜੀ ਰਿਸ਼ਤੇਦਾਰੀ ਹੈ। ਜੇਕਰ ਉਹ ਅਫ਼ਸਰ ਲੱਗ ਗਏ ਤਾਂ ਰਿਸ਼ਤੇਦਾਰੀ ਤਾਂ ਟੁੱਟ ਨਹੀਂ ਸਕਦੀ। ਉਨ੍ਹਾਂ ਕਿਹਾ ਕਿ ਜੇ ਕਰਨਸ਼ੇਰ ਅਫਸਰ ਹੈ ਤਾਂ ਇੰਜ ਨਹੀਂ ਕਿ ਉਹ ਆਪਣੇ ਨਜ਼ਦੀਕ ਦੀਆਂ ਰਿਸ਼ਤੇਦਾਰੀਆਂ ਵੀ ਭੁੱਲ ਜਾਣਗੇ। ਬਾਦਲ ਪਰਿਵਾਰ ਨਾਲ ਉਨ੍ਹਾਂ ਦੀ ਬੜੀ ਨਜ਼ਦੀਕੀ ਰਿਸ਼ਤੇਦਾਰੀ ਹੈ। ਉਨ੍ਹਾਂ ਕਿਹਾ ਕਿ ਜਾਣ ਬੁੱਝ ਕੇ ਇਸ ਮੁੱਦੇ ਨੂੰ ਸਿਆਸਤ ਨਾਲ ਜੋੜਿਆ ਜਾ ਰਿਹਾ ਹੈ।

ਦੱਸ ਦੇਈਏ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਸਰਕਾਰ ਨੇ ਬਠਿੰਡਾ ਦੇ ਡੀਐਸਪੀ ਕਰਨਸ਼ੇਰ ਸਿੰਘ ਦਾ ਤਬਾਦਲਾ ਕਰ ਦਿੱਤਾ ਹੈ। ਇਸ ਪੁਲਿਸ ਅਫ਼ਸਰ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ‘ਪੈਰੀਂ ਹੱਥ’ ਲਾਉਣ ਦੇ ਦੋਸ਼ ਲੱਗੇ ਸਨ। ਚੋਣ ਕਮਿਸ਼ਨ ਵੱਲੋਂ ਮੀਡੀਆ ਰਿਪੋਰਟ ਦੇ ਆਧਾਰ ’ਤੇ ਪੁਲਿਸ ਤੋਂ ਰਿਪੋਰਟ ਮੰਗੀ ਗਈ ਸੀ।

ਇਹ ਵੀ ਪੜ੍ਹੋ : ਸੁਖਬੀਰ ਬਾਦਲ ਨੇ ਕੀਤੀ ਕੈਪਟਨ ਸਰਕਾਰ ਦੀ ਜੰਮ ਕੇ ਨਿਖੇਧੀ, ਪਰਨੀਤ ਕੌਰ ਬਾਰੇ ਵੀ ਕੀਤਾ ਵੱਡਾ ਦਾਅਵਾ

ਡੀਐਸਪੀ ਨੇ ਭਾਵੇਂ ਦੋਸ਼ਾਂ ਦਾ ਖੰਡਨ ਕਰਦਿਆਂ ਦਾਅਵਾ ਕੀਤਾ ਸੀ ਕਿ ਜਨਤਕ ਸਮਾਗਮ ਦੌਰਾਨ ਜਦੋਂ ਸੁਖਬੀਰ ਬਾਦਲ ਦੇ ਪੈਰ ਲੜਖੜਾ ਗਏ ਤਾਂ ਉਹ ਸਾਥੀ ਪੁਲਿਸ ਅਫ਼ਸਰਾਂ ਨੂੰ ਸਹਿਯੋਗ ਦੇ ਰਿਹਾ ਸੀ ਜਿਸ ਦੇ ਗਲਤ ਅਰਥ ਕੱਢ ਲਏ ਗਏ। ਪੁਲਿਸ ਨੇ ਕਮਿਸ਼ਨ ਨੂੰ ਭੇਜੀ ਰਿਪੋਰਟ ਵਿੱਚ ਉਕਤ ਡੀਐਸਪੀ ਨੂੰ ਆਰਮਡ ਬਟਾਲੀਅਨ ਭੇਜਣ ਸਬੰਧੀ ਸੂਚਿਤ ਕਰ ਦਿੱਤਾ ਹੈ।

ਸਰਕਾਰ ਨੇ ਕਮਿਸ਼ਨ ਨੂੰ ਕਿਹਾ ਹੈ ਕਿ ਡੀਐਸਪੀ ਪੱਧਰ ਦੇ ਪੁਲਿਸ ਅਫ਼ਸਰਾਂ ਦਾ ਪੈਨਲ ਪਹਿਲਾਂ ਹੀ ਭੇਜਿਆ ਜਾ ਚੁੱਕਾ ਹੈ। ਇਸ ਲਈ ਪੈਨਲ ਵਿੱਚੋਂ ਹੀ ਕਿਸੇ ਡੀਐਸਪੀ ਦੀ ਬਠਿੰਡਾ ਦੇ ਡੀਐਸਪੀ ਵਜੋਂ ਤਾਇਨਾਤੀ ਕੀਤੀ ਜਾਵੇ।

Source:AbpSanjha