ਅੰਬਾਨੀ ਦੇ ਬੰਗਲੇ ਨੇੜਿਓਂ ਸਕਾਰਪੀਓ ਗੱਡੀ ‘ਚੋਂ ਮਿਲੀ ਧਮਾਕਾਖ਼ੇਜ਼ ਸਮੱਗਰੀ , ਹਾਈ ਅਲਰਟ ‘ਤੇ ਸੁਰੱਖਿਆ ਏਜੰਸੀ

Explosive devices-found-in-Scorpio-vehicle-near-Ambani's-bungalow

ਦੇਸ਼ ਦੇ ਸਭ ਤੋਂ ਵੱਡੇ ਬਿਜ਼ਨੈੱਸਮੈਨ ਮੁਕੇਸ਼ ਅੰਬਾਨੀ ਦੇ ਬੰਗਲੇ ‘ਐਂਟੀਲੀਆ’ ਤੋਂ ਕਰੀਬ 500 ਕੁ ਮੀਟਰ ਦੀ ਦੂਰੀ ‘ਤੇ ਸਕਾਰਪੀਓ ਗੱਡੀ ਵਿੱਚੋਂ ਧਮਾਕਾਖ਼ੇਜ਼ ਸਮੱਗਰੀ ਬਰਾਮਦ ਹੋਣ ਮਗਰੋਂ ਸੁਰੱਖਿਆ ਏਜੰਸੀਆਂ ਅਲਰਟ ਹੋ ਗਈਆਂ ਹਨ।ਕਾਰ ਵਿੱਚੋਂ ਇੱਕ ਚਿੱਠੀ ਮਿਲੀ ਹੈ ,ਜਿਸ ਵਿੱਚ ਅੰਬਾਨੀ ਪਰਿਵਾਰ ਨੂੰ ਵਿਸਫੋਟ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ।

ਇਸੇ ਕਾਰ ਵਿੱਚ ਇੱਕ ਬੈਗ ਮਿਲਿਆ ਹੈ, ਜਿਸ ਉੱਤੇ ‘ਮੁੰਬਈ ਇੰਡੀਅਨਜ਼’ ਲਿਖਿਆ ਹੋਇਆ ਹੈ; ਉਸੇ ਵਿੱਚ ਟੁੱਟੀ-ਫੁੱਟੀ ਅੰਗਰੇਜ਼ੀ ਭਾਸ਼ਾ ਵਿੱਚ ਲਿਖੀ ਇੱਕ ਚਿੱਠੀ ਮਿਲੀ ਹੈ; ਜਿਸ ਵਿੱਚ ਲਿਖਿਆ ਹੈ: ‘ਨੀਤਾ ਭਾਬੀ ਤੇ ਮੁਕੇਸ਼ ਭਾਅ ਦੇ ਫ਼ੈਮਿਲੀ ਦੀ ਇਹ ਇੱਕ ਝਲਕ ਹੈ। ਅਗਲੀ ਵਾਰ ਇਹ ਸਾਮਾਨ ਪੂਰਾ ਹੋ ਕੇ ਆਵੇਗਾ। ਪੂਰੀ ਫ਼ੈਮਿਲੀ ਨੂੰ ਉਡਾਉਣ ਦਾ ਇੰਤਜ਼ਾਮ ਹੋ ਗਿਆ ਹੈ। ਸੰਭਲ ਜਾਈਂ।’

ਪੁਲਿਸ ਸੂਤਰਾਂ ਮੁਤਾਬਕ ਇਸ ਮਾਮਲੇ ‘ਚ ਹੁਣ ਤੱਕ 9 ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਗਈ ਹੈ। ਉਨ੍ਹਾਂ ‘ਚੋਂ ਦੋ ਜਣਿਆਂ ਤੋਂ ਕੁਝ ਵਧੇਰੇ ਪੁੱਛਗਿੱਛ ਕੀਤੀ ਗਈ ਹੈ। ਮੁੰਬਈ ਦੇ ਗਾਮਦੇਵੀ ਪੁਲਿਸ ਥਾਣੇ ‘ਚ ਅਣਜਾਣ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਇਸ ਕਾਰ ‘ਚੋਂ ਜਿਲੇਟਿਨ ਦੀਆਂ 21 ਛੜਾਂ ਬਰਾਮਦ ਹੋਈਆਂ ਹਨ; ਜੋ ਇਸ ਕਾਰ ਦੇ ਪਰਖੱਚੇ ਉਡਾ ਦੇਣ ਲਈ ਕਾਫ਼ੀ ਸਨ।

ਅਹਿਮ ਗੱਲ ਹੈ ਕਿ ਉਸ ਕਾਰ ਉੱਤੇ ਜਿਹੜੀ ਨੰਬਰ ਪਲੇਟ ਲੱਗੀ ਹੋਈ ਹੈ, ਉਹ ਮੁਕੇਸ਼ ਅੰਬਾਨੀ ਦੀ ਆਪਣੇ ਸੁਰੱਖਿਆ ਅਮਲੇ ਦੀ ਇੱਕ ਕਾਰ ਦਾ ਹੀ ਨੰਬਰ ਹੈ ਤੇ ਉਹ ਗੱਡੀ ‘ਰਿਲਾਇੰਸ ਇੰਡਸਟ੍ਰੀਜ਼’ ਦੇ ਨਾਂ ਉੱਤੇ ਰਜਿਸਟਰਡ ਹੈ। ਪੁਲਿਸ ਨੂੰ ਜਾਂਚ ਦੌਰਾਨ ਉਸ ਕਾਰ ਵਿੱਚੋਂ ਹੋਰ ਵੀ ਕਈ ਨੰਬਰ ਪਲੇਟਾਂ ਮਿਲੀਆਂ ਹਨ ਤੇ ਉਹ ਸਾਰੀਆਂ ਹੀ ਮੁਕੇਸ਼ ਅੰਬਾਨੀ ਦੀਆਂ ਕਾਰਾਂ ਦੇ ਹੀ ਨਬੰਰ ਹਨ।

ਹੁਣ ਪੁਲਿਸ ਕੋਲ ਇਹ ਵੀ ਵੱਡਾ ਸੁਆਲ ਹੈ ਕਿ ਆਖ਼ਰ ਉਹ ਕੌਣ ਵਿਅਕਤੀ ਹਨ, ਜਿਨ੍ਹਾਂ ਨੇ ਮੁਕੇਸ਼ ਅੰਬਾਨੀ ਦੀਆਂ ਗੱਡੀਆਂ ਦੀਆਂ ਡੁਪਲੀਕੇਟ ਨੰਬਰ ਪਲੇਟਾਂ ਬਣਵਾਈਆਂ ਹਨ? ਸੀਸੀਟੀਵੀ ਫ਼ੁਟੇਜ ਮੁਤਾਬਕ ਮੁਲਜ਼ਮ ਨੇ ਸਕੌਰਪੀਓ ਗੱਡੀ 24 ਤੇ 25 ਫ਼ਰਵਰੀ ਦੀ ਰਾਤ ਨੂੰ 1:00 ਵਜੇ ਖੜ੍ਹੀ ਕੀਤੀ ਸੀ ਤੇ ਉਹ 3-4 ਘੰਟੇ ਉਸ ਕਾਰ ‘ਚੋਂ ਉੱਤਰਿਆ ਵੀ ਨਹੀਂ ਸੀ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ