ਇਰਾਕ ਵਿੱਚ ਫਸੇ ਨੌਜਵਾਨਾਂ ਦੀ ਵਾਪਸੀ, ਦੱਸੀ ਆਪਣੀ ਸਾਰੀ ਹੱਡ-ਬੀਤੀ

Youth Returned From Iraq

ਬੀਤੇ ਦਿਨ ਇਰਾਕ ਵਿੱਚ ਫਸੇ ਨੌਜਵਾਨ ਪੰਜਾਬ ਵਾਪਿਸ ਪਰਤ ਆਏ ਹਨ। ਪੰਜਾਬ ਦੇ ਫਗਵਾੜਾ ਜ਼ਿਲ੍ਹੇ ਦਾ ਕੋਮਲਜੋਤ ਸਿੰਘ ਦਸੰਬਰ 2018 ਵਿੱਚ ਇਰਾਕ ਆਪਣੇ ਘਰ ਦੀ ਹਾਲਾਤਾਂ ਨੂੰ ਠੀਕ ਕਰਨ ਅਤੇ ਪੈਸਾ ਕਮਾਉਣ ਗਿਆ ਸੀ। ਪਰ ਉਸਦਾ ਕਹਿਣਾ ਹੈ ਕਿ ਉੱਥੇ ਉਸਨੂੰ ਚੋਰਾਂ ਵਾਂਗ ਲੁਕ – ਲੁਕ ਕੇ ਰਹਿਣਾ ਪੈਂਦਾ ਸੀ। ਕੋਮਾਲਜੋਤ ਸਿੰਘ ਦੇ ਨਾਲ ਹੋਰ ਛੇ ਨੌਜਵਾਨ ਦਰ-ਦਰ ਦੀਆਂ ਠੋਕਰਾਂ ਖਾਣ ਬਾਅਦ ਵੱਡੀ ਮੁਸ਼ਕਲ ਬਾਅਦ ਵਾਪਸ ਮੁੜੇ ਹਨ।

ਉਹਨਾਂ ਦਾ ਕਹਿਣਾ ਹੈ ਕਿ ਜਦੋਂ ਅਸੀਂ ਇਧਰੋਂ ਗਏ ਸੀ ਤਾਂ ਸਾਨੂੰ ਕੰਪਨੀ ਨੇ ਪੂਰਾ ਭੋਰਸਾ ਦਿੱਤਾ ਸੀ ਕਿ ਤੁਹਾਨੂੰ ਸਾਰਿਆਂ ਨੂੰ ਆਉਣ ਸਾਰ ਹੀ ਕੰਮ ਦਿੱਤਾ ਜਾਵੇਗਾ। ਖਾਣ – ਪੀਣ ਅਤੇ ਰਹਿਣ – ਸਹਿਣ ਵੀ ਕੰਪਨੀ ਵਲੋਂ ਹੋਵੇਗਾ। ਪਰ ਉੱਥੇ ਜਾ ਕੇ ਸਾਡੀ ਕਿਸੇ ਨੇ ਸਾਰ ਵੀ ਨਹੀਂ ਲਈ। ਉਨ੍ਹਾਂ ਨੂੰ ਕਈ ਦਿਨਾਂ ਬਾਅਦ ਕੰਮ ਦਿੱਤਾ ਗਿਆ, ਪੰਜ ਦਿਨਾਂ ਤਕ ਉਹ ਬਗੈਰ ਖਾਧੇ-ਪੀਤੇ ਰਹੇ। ਇਹ ਸਭ ਹੋਣ ਦੇ ਬਾਅਦ ਅੰਮ੍ਰਿਤਸਰ ਦੇ ਪਹਿਲਵਾਨ ਨਾਂ ਦੇ ਵਿਅਕਤੀ ਨੇ ਉਨ੍ਹਾਂ ਨੂੰ ਖਾਣਾ ਖਵਾਇਆ ਤੇ ਰਹਿਣ ਲਈ ਟਿਕਾਣਾ ਦਿੱਤਾ।

ਪਰ ਉਸ ਨਿੱਕੇ ਜਿਹੇ ਕਮਰੇ ਵਿੱਚ 22 ਜਣੇ ਰਹਿੰਦੇ ਸੀ। ਨਾ ਚੰਗੀ ਤਰ੍ਹਾਂ ਸੌਂ ਸਕਦੇ ਸੀ ਤੇ ਨਾ ਲੇਟ ਸਕਦੇ ਸੀ। ਨੌਜਵਾਨ ਕੋਮਲਜੋਤ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਪੁੱਤ ਨੂੰ ਕਮਾਈ ਕਰਨ ਲਈ ਇਰਾਕ ਭੇਜਿਆ ਸੀ ਪਰ ਇੰਝ ਨਹੀਂ ਹੋਇਆ। ਉਹ 8 ਮਹੀਨਿਆਂ ਤਕ ਇਰਾਕ ਦੇ ਇਰਬਿਲ ਵਿੱਚ ਲੁਕ-ਲੁਕ ਕੇ ਰਹਿਣਾ ਪੈਂਦਾ ਸੀ। ਹਰ ਦਿਨ ਉਸ ਨੂੰ 20 ਡਾਲਰਾਂ ਦੀ ਪੈਨਲਟੀ ਵੀ ਦੇਣੀ ਪੈ ਰਹੀ ਸੀ। ਉਸਦਾ ਵਿਆਹ ਵੀ ਕੁੱਝ ਸਾਲ ਪਹਿਲਾਂ ਹੀ ਹੋਇਆ ਸੀ। ਉਸ ਦੀਆਂ ਦੋ ਧੀਆਂ ਵੀ ਹਨ। ਉਸ ਦੇ ਘਰ ਮੁੜਨ ‘ਤੇ ਮਾਪਿਆਂ ਉਸ ਦਾ ਮੱਥਾ ਚੁੰਮ ਕੇ ਸਵਾਗਤ ਕੀਤਾ।