ਦੀਵਾਲੀ ‘ਤੇ ਕਤਲ ਦੇ ਮਾਮਲੇ ਵਿੱਚ ਦੋਸ਼ੀ ਬਦਮਾਸ਼ ਜਲੰਧਰੋਂ ਕਾਬੂ

police

ਕਾਊਂਟਰ ਇੰਟੈਲੀਜੈਂਸ ਵਿੰਗ ਤੇ ਦਿਹਾਤੀ ਪੁਲਿਸ ਨੇ ਗੁਰਦਾਸਪੁਰ ਦੇ ਸੈਣੀ ਗਰੋਹ ਦੇ ਬਦਮਾਸ਼ ਗੁਰਪ੍ਰੀਤ ਉਰਫ਼ ਕਾਕਾ ਨੂੰ ਜਲੰਧਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਕਾਕਾ ਨੇ ਪਿਛਲੇ ਸਾਲ ਦੀਵਾਲੀ ਮੌਕੇ 27 ਸਾਲਾ ਨੌਜਵਾਨ ਮੁਖਵਿੰਦਰ ਸਿੰਘ ਦਾ ਕਤਲ ਕੀਤਾ ਸੀ ਤੇ ਦੋ ਹੋਰ ਜਣਿਆਂ ਨੂੰ ਜ਼ਖ਼ਮੀ ਕਰ ਦਿੱਤਾ ਸੀ। ਉਸੇ ਦਿਨ ਮੁਖਵਿੰਦਰ ਸਿੰਘ ਆਪਣੇ ਵਿਆਹ ਦੀ ਦੂਜੀ ਵਰ੍ਹੇਗੰਢ ਮਨਾ ਰਿਹਾ ਸੀ। ਉਸ ਦੀ ਪਤਨੀ ਗਰਭਵਤੀ ਸੀ।

ਗ੍ਰਿਫ਼ਤਾਰੀ ਮੌਕੇ ਪੁਲਿਸ ਨੇ ਕਾਕਾ ਕੋਲੋਂ ਗੈਰ ਕਾਨੂੰਨੀ ਪਿਸਤੌਲ, ਦੋ ਮੈਗਜ਼ੀਨ ਤੇ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਪ੍ਰੈੱਸ ਬਿਆਨ ਜਾਰੀ ਕਰਦਿਆਂ ਏਆਈਜੀ ਹਰਕੰਵਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਕਾਊਂਟਰ ਇੰਟਾਲੀਜੈਂਸ ਵਿੰਗ ਪੰਜਾਬ ਵਿੱਚ ਬਦਮਾਸ਼ਾਂ ਤੇ ਹੋਰ ਅਪਰਾਧੀਆਂ ਦੀਆਂ ਗਤੀਵਿਧੀਆਂ ’ਤੇ ਸਖ਼ਤ ਨਜ਼ਰ ਰੱਖ ਰਿਹਾ ਹੈ।

ਦਰਅਸਲ ਕਾਊਂਟਰ ਇੰਟਾਲੀਜੈਂਸ ਨੂੰ ਕਾਕਾ ਦੇ ਜਲੰਧਰ ਆਉਣ ਦੀ ਸੂਹ ਮਿਲੀ ਸੀ। ਇਸੇ ਨਿਸ਼ਾਨਦੇਹੀ ਦੇ ਆਧਾਰ ’ਤੇ ਉਨ੍ਹਾਂ ਤੁਰੰਤ ਦਿਹਾਤੀ ਪੁਲਿਸ ਨਾਲ ਸਾਂਝੀ ਟੀਮ ਗਠਿਤ ਕਰਕੇ ਮੋਰਚਾ ਸੰਭਾਲ ਲਿਆ। ਇਸ ਟੀਮ ਨੂੰ ਕਾਮਯਾਬੀ ਮਿਲੀ ਤੇ ਬਦਮਾਸ਼ ਕਾਕਾ ਹੁਣ ਪੁਲਿਸ ਨੇ ਕਾਬੂ ਕਰ ਲਿਆ ਹੈ। ਮੁੱਢਲੀ ਜਾਂਚ ਦੌਰਾਨ ਉਸ ਨੇ ਆਪਣਾ ਗੁਨਾਹ ਮੰਨ ਲਿਆ ਹੈ।

ਏਆਈਜੀ ਨੇ ਦੱਸਿਆ ਕਿ ਪੁਲਿਸ ਨੇ ਉਕਤ ਕੇਸ ਸਬੰਧੀ ਪਹਿਲਾਂ ਵੀ ਗ੍ਰਿਫ਼ਤਾਰੀਆਂ ਕੀਤੀਆਂ ਸਨ ਪਰ ਗੁਰਪ੍ਰੀਤ ਉਰਫ਼ ਕਾਕਾ ਤੇ ਦਵਿੰਦਰ ਸੈਣੀ ਫਰਾਰ ਸਨ। ਵਾਰਦਾਤ ਬਾਅਦ ਦੋਵੇਂ ਪੰਜਾਬ ਛੱਡ ਕੇ ਬਿਹਾਰ ਦੇ ਪਟਨਾ ਵਿੱਚ ਰਹਿਣ ਲੱਗ ਗਏ ਸਨ। ਫਿਲਹਾਲ ਪੁਲਿਸ ਕਾਕਾ ਨੂੰ ਅਦਾਲਤ ਪੇਸ਼ ਕਰੇਗੀ ਤੇ ਸੈਣੀ ਦੀ ਭਾਲ ਲਈ ਕਾਰਵਾਈ ਜਾਰੀ ਰਹੇਗੀ।

Source:AbpSanjha