ਕਾਂਗਰਸ ਦੇ ਵੱਡੇ ਲੀਡਰਾਂ ਵਿਚਾਲੇ ਪਈ ਫੁੱਟ , ਇੱਕ-ਦੂਜੇ ਖਿਲਾਫ ਬਿਆਨਬਾਜ਼ੀ

joginder singh mohammad sadiq

ਫਰੀਦਕੋਟ ਜ਼ਿਲ੍ਹੇ ਦੇ ਹਲਕਾ ਜੈਤੋ ਵਿੱਚ ਕਾਂਗਰਸ ਪਾਰਟੀ ਦੀ ਆਪਸੀ ਫੁੱਟ ਜੱਗ ਜਾਹਰ ਹੋ ਰਹੀ ਹੈ। ਸਾਬਕਾ ਵਿਧਾਇਕ ਤੇ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਸਿੰਘ ਪੰਜਗਰਾਈ ਤੇ ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਮੁਹੰਮਦ ਸਦੀਕ ਦੀ ਤਕਰਾਰ ਸਾਫ਼ ਨਜ਼ਰ ਆ ਰਹੀ ਹੈ। ਦੋਵੇਂ ਲੀਡਰ ਵੱਡੇ-ਵੱਡੇ ਦਾਅਵੇ ਕਰ ਰਹੇ ਹਨ ਤੇ ਆਪਣੀ-ਆਪਣੀ ਸਟੇਜ ਤੋਂ ਇੱਕ-ਦੂਜੇ ਖਿਲਾਫ ਦੂਸ਼ਣਬਾਜ਼ੀ ਕਰ ਰਹੇ ਹਨ।

ਦਰਅਸਲ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਪੰਜਗਰਾਈ ਤੇ ਸਾਬਕਾ ਵਿਧਾਇਕ ਮੁਹੰਮਦ ਸਦੀਕ ਨੇ ਪਿੰਡਾਂ ਵਿੱਚ ਪੰਚ-ਸਰਪੰਚ ਦੀ ਚੋਣ ’ਚ ਆਪਣੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ ਪਰ ਇਨ੍ਹਾਂ ਚੋਣਾਂ ਵਿੱਚ ਕਾਂਗਰਸੀ ਹੀ ਕਾਂਗਰਸੀਆਂ ਨੂੰ ਹਰਾਉਣ ਵਿੱਚ ਲੱਗੇ ਹੋਏ ਸਨ। ਮੁਹੰਮਦ ਸਦੀਕ ਨੇ ਆਪਣੇ ਭਾਸ਼ਣ ਵਿੱਚ ਆਪਣੀ ਹੀ ਪਾਰਟੀ ਦੇ ਉਮੀਦਵਾਰਾਂ ਖ਼ਿਲਾਫ਼ ਬਿਆਨਬਾਜ਼ੀ ਕੀਤੀ।

ਉੱਧਰ ਹਲਕਾ ਇੰਚਾਰਜ ਮੁਹੰਮਦ ਸਦੀਕ ਨੇ ਜਿਨ੍ਹਾਂ ਪੰਚਇਤਾਂ ਦਾ ਸਨਮਾਨ ਸਮਾਗਮ ਕਰਾਇਆ ਸੀ, ਉਥੇ ਹੀ ਇਸ ਦੇ ਬਰਾਬਰ ਜੋਗਿੰਦਰ ਸਿੰਘ ਨੇ ਵੀ ਵੱਖਰਾ ਸਮਾਗਮ ਕਰਾ ਲਿਆ। ਉਨ੍ਹਾਂ ਨੇ ਉਹੀ ਪੰਚਇਤਾਂ ਦਾ ਸਨਮਾਨ ਕਰ ਆਪਣੇ ਗੁੱਟ ਦੀ ਜਿੱਤ ਦਾ ਦਾਅਵਾ ਠੋਕਿਆ ਕਿ ਜੈਤੋ ਵਿੱਚ ਕਾਂਗਰਸ ਪੱਖ ਦੇ ਪੰਚ ਤੇ ਸਰਪੰਚ ਵੱਡੀ ਗਿਣਤੀ ਵਿੱਚ ਚੁਣੇ ਗਏ।

ਇਸ ਮੌਕੇ ਜੋਗਿੰਦਰ ਸਿੰਘ ਪੰਜਗਰਾਂਈ ਨੇ ਮੁਹੰਮਦ ਸਦੀਕ ਤੇ ਉਸ ਦੇ ਜਵਾਈ ਉੱਪਰ ਨਿਸ਼ਾਨੇ ਵੀ ਸਾਧੇ। ਉਨ੍ਹਾਂ ਉੱਪਰ ਵਰਕਰਾਂ ਦੇ ਕੰਮ ਕਰਵਾਉਣ ਬਦਲੇ ਦਲਾਲੀ ਖਾਣ ਦੇ ਇਲਜਾਮ ਵੀ ਲਾਏ। ਉੱਧਰ ਮੁਹੰਮਦ ਸਦੀਕ ਨੇ ਵੀ ਜੋਗਿੰਦਰ ਸਿੰਘ ਪ੍ਰਧਾਨ ਨੂੰ ਡਰਾਮੇਬਾਜ਼ ਦੱਸਿਆ ਤੇ ਚੇਤਾਵਨੀ ਦਿੱਤੀ ਕਿ ਉਹ ਉਨ੍ਹਾਂ ਦੀ ਡਰਾਮੇਬਾਜ਼ੀ ਤੋਂ ਨਹੀਂ ਡਰਦੇ।

Source:AbpSanjha