ਕਾਂਗਰਸ ਅਗਲੇ ਹਫ਼ਤੇ ਪੰਜਾਬ ‘ਚ ਐਲਾਨੇਗੀ ਲੋਕ ਸਭਾ ਉਮੀਦਵਾਰ

captain on punjab lok sabha candidates

ਲੋਕ ਸਭਾ ਚੋਣਾਂ 2019 ਲਈ ਉੱਤਰ ਪ੍ਰਦੇਸ਼ ਤੇ ਗੁਜਰਾਤ ਦੀਆਂ 15 ਸੀਟਾਂ ਲਈ ਬੀਤੇ ਕੱਲ੍ਹ ਉਮੀਦਵਾਰ ਐਲਾਨਣ ਵਾਲੀ ਕਾਂਗਰਸ, ਅਗਲੇ ਹਫ਼ਤੇ ਪੰਜਾਬ ਦੀਆਂ ਸੀਟਾਂ ਦੀ ਸੂਚੀ ਜਾਰੀ ਕਰ ਸਕਦੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਦਾਅਵਾ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਸੁਨੀਲ ਜਾਖੜ ਦੀ ਟਿਕਟ ਪੱਕੀ ਕੀਤੀ ਤੇ ਵਿਰੋਧੀਆਂ ਨਾਲ ਸਖ਼ਤੀ ਵਰਤਣ ਦੀ ਚੇਤਾਵਨੀ ਵੀ ਦਿੱਤੀ।

ਇੱਥੇ ਸ਼ਾਹਪੁਰ ਕੰਢੀ ਬੰਨ੍ਹ ਦੇ ਉਸਾਰੀ ਕਾਰਜ ਸ਼ੁਰੂ ਕਰਵਾਉਣ ਪਹੁੰਚੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਬਾਰੇ ਖੁਲਾਸਾ ਕੀਤਾ। ਉਨ੍ਹਾਂ ਕਿਹਾ ਕਿ ਅਗਲੇ ਹਫ਼ਤੇ ਤਕ ਉਮੀਦਵਾਰਾਂ ਦੇ ਐਲਾਨ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਉਨ੍ਹਾਂ ਚੇਤਾਵਨੀ ਦਿੱਤੀ ਕਿ ਵਿਰੋਧ ਕਰਨ ਵਾਲਿਆਂ ਦੀ ਪਾਰਟੀ ਤੋਂ ਛੁੱਟੀ ਹੋਵੇਗੀ।

ਕੈਪਟਨ ਨੇ ਸੁਨੀਲ ਜਾਖੜ ਦੀ ਉਮੀਦਵਾਰੀ ‘ਤੇ ਵੀ ਮੋਹਰ ਲਾ ਦਿੱਤੀ। ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਹੋਣਗੇ, ਕਿਉਂਕਿ ਉਸ ਸੀਟ ਲਈ ਉਨ੍ਹਾਂ ਤੋਂ ਵੱਡਾ ਦਾਅਵੇਦਾਰ ਮੌਜੂਦ ਨਹੀਂ ਹੈ। ਨਸ਼ਿਆਂ ਦੇ ਮਾਮਲੇ ‘ਤੇ ਪੁੱਛੇ ਸਵਾਲਾਂ ‘ਤੇ ਕੈਪਟਨ ਨੇ ਕਿਹਾ ਕਿ ਮੰਦਭਾਗਾ ਕਿ ਹਾਲੇ ਵੀ ਪੰਜਾਬ ‘ਚ ਨਸ਼ੇ ਹਨ। ਉਨ੍ਹਾਂ ਕਿਹਾ ਕਿ ਅਸੀਂ ਨਸ਼ਾ ਤਸਕਰਾਂ ਨੂੰ ਕੰਟਰੋਲ ਕਰ ਰਹੇ ਹਾਂ ਤੇ ਅੱਗੇ ਵੀ ਇਹ ਕੋਸ਼ਿਸ਼ ਜਾਰੀ ਰਹੇਗੀ।

Source:AbpSanjha