ਨਹੀਂ ਰਹੇ ਸੁਰਾਂ ਦੇ ‘ਸਿਕੰਦਰ’, ਅੱਜ ਜੱਦੀ ਪਿੰਡ ਖੇੜੀ ਨੌਧ ਸਿੰਘ ‘ਚ ਕੀਤਾ ਜਾਏਗਾ ਸਪੁਰਦ-ਏ-ਖਾਕ

The-'Sikander'-of-the-suras-will-be-performed-today-in-the-native-village-Of-Khedi-Nodh-Singh.

 ਸਰਦੂਲ ਸਿਕੰਦਰ ਨੇ ਬੁੱਧਵਾਰ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਆਖਰੀ ਸਾਹ ਲਏ ਤੇ ਉਨ੍ਹਾਂ ਦੀ ਪਿਛਲੇ ਕਈ ਦਿਨਾਂ ਤੋਂ ਹਾਲਤ ਬੇਹੱਦ ਨਾਜ਼ੁਕ ਸੀ। ਸਰਦੂਲ ਸਿਕੰਦਰ ਦਿਲ, ਗੁਰਦੇ ਤੇ ਸ਼ੂਗਰ ਦੇ ਰੋਗ ਤੋਂ ਇਲਾਵਾ ਕਰੋਨਾ ਤੋਂ ਵੀ ਪੀੜਤ ਸਨ, ਜਿਸ ਕਰਕੇ ਉਹ ਪਹਿਲਾਂ ਲੁਧਿਆਣਾ ਦੇ ਇੱਕ ਹਸਪਤਾਲ ‘ਚ ਇਲਾਜ਼ ਕਰਵਾ ਰਹੇ ਸੀ ਤੇ ਹੁਣ ਉਹ ਪਿਛਲੇ ਡੇਢ ਮਹੀਨੇ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ। ਪੰਜ ਕੁ ਸਾਲ ਪਹਿਲਾਂ ਉਨ੍ਹਾਂ ਦੀ ਕਿਡਨੀ ਵੀ ਬਦਲੀ ਗਈ ਸੀ ਤੇ ਉਨ੍ਹਾਂ ਦੀ ਪਤਨੀ ਅਮਰ ਨੂਰੀ ਨੇ ਉਨ੍ਹਾਂ ਨੂੰ ਆਪਣੀ ਕਿਡਨੀ ਦਾਨ ਕੀਤੀ ਸੀ।

ਅਜੇ ਪਿਛਲੇ ਮਹੀਨੇ ਹੀ ਪਤਨੀ ਅਮਰ ਨੂਰੀ ਵਲੋਂ ਉਹਨਾਂ ਦਾ ਜਨਮਦਿਨ ਮਨਾਇਆ ਗਿਆ ਸੀ ਤੇ ਇੱਕ ਪਿਆਰੀ ਝੀ ਤਸਵੀਰ ਵੀ ਸਾਂਝੀ ਕੀਤੀ ਗਈ ਸੀ। ਸਰਦੂਲ ਸਿਕੰਦਰ ਨੇ ਕਿਸਾਨੀ ਅੰਦੋਲਨ ਦੌਰਾਨ ਵੀ ਸਿੰਘੁ ਬਾਰਡਰ ਤੇ ਜਾ ਕੇ ਕਿਸਾਨਾਂ ਦਾ ਸਮਰਥਨ ਵੀ ਕੀਤਾ ਸੀ।

ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਅਤੇ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਵੱਜੋਂ ਜਾਣੇ ਜਾਂਦੇ ਸਰਦੂਲ ਸਿਕੰਦਰ ਪਿਛਲੇ ਚਾਰ ਦਹਾਕਿਆਂ ਤੋਂ ਪੰਜਾਬੀਅਤ ਦੀ ਸੇਵਾ ਕਰ ਰਹੇ ਸਨ। 15 ਜਨਵਰੀ 1961 ਨੂੰ ਪਿੰਡ ਖੇੜੀ ਨੌਧ ਸਿੰਘ ਵਿੱਚ ਉੱਘੇ ਤਬਲਾਵਾਦਕ ਸਾਗਰ ਮਸਤਾਨਾ ਦੇ ਘਰ ਜਨਮੇ ਸਰਦੂਲ ਨੂੰ ਗਾਇਕੀ ਵਿਰਾਸਤ ਵਿੱਚ ਮਿਲੀ ਸੀ। ਉਸ ਦੇ ਪੁਰਖੇ ਪਟਿਆਲਾ ਦੇ ਸੰਗੀਤ ਘਰਾਣੇ ਨਾਲ ਸਬੰਧਤ ਸਨ। ਉਹ ਛੇ ਭੈਣ-ਭਰਾ ਸਨ।

ਦੱਸ ਦੇਈਏ ਕਿ ਸੰਨ 1980 ਵਿੱਚ ਉਨ੍ਹਾਂ ਦੀ ਪਹਿਲੀ ਕੈਸੇਟ ‘ਰੋਡਵੇਜ਼ ਦੀ ਲਾਰੀ’ ਕਾਫ਼ੀ ਮਕਬੂਲ ਹੋਈ। ਉਨ੍ਹਾਂ ਦੀ ਵਿਸ਼ਵ ਪੱਧਰ ‘ਤੇ ਸਭ ਤੋਂ ਵੱਧ ਪੰਜ ਮਿਲੀਅਨ ਤੱਕ ਵਿਕਣ ਵਾਲੀ 1991 ਵਿੱਚ ਆਈ ਕੈਸੇਟ ‘ਹੁਸਨਾਂ ਦੇ ਮਾਲਕੋ’ ਸੀ। ਸਰਦੂਲ ਨੇ ਦੇਸ਼-ਵਿਦੇਸ਼ ਵਿੱਚ ਸੈਂਕੜੇ ਸ਼ੋਅ ਕੀਤੇ ਤੇ ਸੈਂਕੜੇ ਸੰਸਥਾਵਾਂ ਵੱਲੋਂ ਉਸ ਨੂੰ ਵੱਕਾਰੀ ਸਨਮਾਨ ਭੇਟ ਕੀਤੇ ਗਏ। ਉਹ ਚੰਗੀ ਅਵਾਜ ਦੇ ਮਲਿਕ ਸਨ। ਬਹੁਤ ਸਾਰੇ ਕਲਾਕਾਰਾਂ ਨੇ ਵੀ ਉਹਨਾਂ ਤੋਂ ਗਾਇਕੀ ਦੀ ਸਿਖਿਆ ਲਈ ਸੀ। ਹੁਣ ਸੁਰਾਂ ਦੇ ਸਿਕੰਦਰ ਤੇ ਖੂਬਸੂਰਤ ਅਵਾਜ ਦੇ ਮਲਿਕ ਅੱਜ ਸਾਡੇ ਵਿੱਚ ਨਹੀਂ ਰਹੇ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ