ਸਿੱਖ ਚਾਲਕ ਦੀ ਕੁੱਟਮਾਰ ਕਰਨ ਵਾਲੇ ਦਿੱਲੀ ਪੁਲਿਸ ਅਧਿਕਾਰੀਆਂ ਤੇ ਹੋਇਆ ਕੇਸ ਦਰਜ

Sarbjeet Singh

ਦਿੱਲੀ ਦੇ ਮੁਖਰਜੀ ਨਗਰ ‘ਚ ਐਤਵਾਰ ਸ਼ਾਮ ਨੂੰ ਇੱਕ ਸਿੱਖ ਪਿਉ-ਪੁੱਤ ਨਾਲ ਦਰਦਨਾਕ ਕਾਰਾ ਵਾਪਰਿਆ। ਦਿੱਲੀ ਪੁਲਿਸ ਵੱਲੋਂ ਸੜਕ ‘ਤੇ ਸ਼ਰ੍ਹੇਆਮ ਇੱਕ ਸਿੱਖ ਪਿਉ-ਪੁੱਤ ਦੀ ਕੁੱਟਮਾਰ ਕੀਤੀ ਗਈ। ਸਰਬਜੀਤ ਸਿੰਘ ਨੇ ਦੱਸਿਆ ਹੈ ਕਿ ਪਹਿਲਾਂ ਉਹਨਾਂ ਨੂੰ ਸੜਕ ਤੇ ਬੜੀ ਬੇਰਹਿਮੀ ਨਾਲ ਕੁੱਟਿਆ ਗਿਆ ਅਤੇ ਫਿਰ ਥਾਣੇ ਲਿਜਾ ਕੇ ਵੀ ਬਹੁਤ ਬੇਰਹਿਮੀ ਨਾਲ ਕੁੱਟਿਆ।

ਸਿੱਖ ਡਰਾਈਵਰ ਸਰਬਜੀਤ ਸਿੰਘ ਨੇ ਦੱਸਿਆ ਹੈ ਕਿ ਪੁਲਿਸ ਦੀ ਜਿਪਸੀ ਦੀ ਟੈਂਪੂ ਨਾਲ ਹਲਕੀ ਟੱਕਰ ਹੋਣ ਕਰਕੇ ਦਿੱਲੀ ਪੁਲਿਸ ਨੇ ਉਹਨਾਂ ਨੂੰ ਗਾਲ਼੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਸਨ। ਜਿਸ ਮਗਰੋਂ ਜਿਪਸੀ ਥਾਣੇ ਦੇ ਅੱਗੇ ਜਾ ਕੇ ਫਿਰ ਰੁਕ ਗਈ। ਹੁਣ ਪਿੱਛੇ ਸਰਬਜੀਤ ਅਤੇ ਉਸ ਦਾ ਪੁੱਤਰ ਟੈਂਪੂ ਲੈ ਕੇ ਆ ਰਹੇ ਸੀ। ਪੁਲਿਸ ਨੇ ਉਨ੍ਹਾਂ ਨੂੰ ਗੱਡੀ ਸਾਈਡ ‘ਤੇ ਲਾਉਣ ਲਈ ਕਿਹਾ ਅਤੇ ਉੱਥੇ ਹੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਸ ਤੋਂ ਬਾਅਦ ਸਾਨੂੰ ਦੋਵਾਂ ਨੂੰ ਥਾਣੇ ਵਿੱਚ ਲਿਜਾ ਕੇ ਵੀ ਬੜੀ ਬੇਰਹਿਮੀ ਨਾਲ ਕੁੱਟਿਆ।

ਪਰ ਦਿੱਲੀ ਪੁਲਿਸ ਦੇ ਬਿਆਨ ਕੁੱਝ ਹੋਰ ਹੀ ਕਹਿ ਰਹੇ ਸਨ ਉਹਨਾਂ ਕਿਹਾ ਕਿ ਸਰਬਜੀਤ ਸਿੰਘ ਨੇ ਪੁਲਿਸ ਪਾਰਟੀ ‘ਤੇ ਪਹਿਲਾਂ ਹਮਲਾ ਕੀਤਾ ਸੀ। ਉਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਸਰਬਜੀਤ ਸਿੰਘ ਅਤੇ ਉਸ ਦੇ ਪੁੱਤਰ ਦੀ ਕੁੱਟਮਾਰ ਕੀਤੀ। ਦਿੱਲੀ ਪੁਲਿਸ ਵੱਲੋਂ ਇਸ ਮਾਮਲੇ ਸਬੰਧੀ ਕਰਾਸ FIR ਦਰਜ ਕੀਤੀ ਗਈ ਹੈ। ਕਰਾਸ FIR ਦਰਜ ਹੋਣ ਕਰਕੇ ਇਹ ਮਾਮਲਾ ਹੁਣ ਕ੍ਰਾਈਮ ਬਰਾਂਚ ਦੇ ਹੱਥ ਆ ਗਿਆ ਹੈ। ਇਸ ਤੋਂ ਇਲਾਵਾ ਜੁਆਇੰਟ ਕਮਿਸ਼ਨਰ ਮਾਮਲੇ ਦੀ ਜਾਂਚ ਕਰ ਰਹੇ ਹਨ ਕਿ ਕਿਹੜੇ ਪੁਲਿਸ ਅਧਿਕਾਰੀ-ਮੁਲਾਜ਼ਮ ਇਸ ਮਾਮਲੇ ਵਿੱਚ ਸ਼ਾਮਿਲ ਹਨ।

ਦਿੱਲੀ ਪੁਲਿਸ ਨੇ ਇਸ ਘਟਨਾ ਨੂੰ ਲੈ ਕੇ ਦੋ ਮਾਮਲੇ ਦਰਜ ਕੀਤੇ ਹਨ। ਜਿਸ ਵਿੱਚੋਂ ਪਹਿਲੇ ਮਾਮਲੇ ਵਿੱਚ ਦਿੱਲੀ ਪੁਲਿਸ ਵੱਲੋਂ ਸਿੱਖ ਟੈਂਪੂ ਚਾਲਕ ਸਰਬਜੀਤ ਸਿੰਘ ਨੂੰ ਮੁਲਜ਼ਮ ਠਹਿਰਾਇਆ ਗਿਆ ਹੈ। ਦੂਜਾ ਮਾਮਲਾ ਸਰਬਜੀਤ ਸਿੰਘ ਵੱਲੋਂ ਦਿੱਲੀ ਪੁਲਿਸ ਖ਼ਿਲਾਫ਼ ਦਰਜ ਕੀਤਾ ਗਿਆ ਹੈ।