Ludhiana News: ਲੁਧਿਆਣਾ ਦੇ ਲਿੰਗ ਨਿਰਧਾਰਣ ਟੈਸਟ ਕਰਨ ਵਾਲੇ ਸੈਂਟਰ ਦਾ ਪਰਦਾਫਾਸ਼

ludhiana-gender-determination-scan-center-exposed

Ludhiana News: ਸੂਬੇ ‘ਚ ਲਿੰਗ ਜਾਂਚਣ ਦੇ ਵਪਾਰ ਨੂੰ ਠੱਲ੍ਹ ਪਾਉਣ ਲਈ ਇਕ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਕੰਨਿਆ ਭਰੂਣ ਹੱਤਿਆ ਦੇ ਗੈਰ-ਕਾਨੂੰਨੀ ਕਾਰੋਬਾਰ ‘ਚ ਸ਼ਾਮਲ ਸਮਾਜ ਵਿਰੋਧੀ ਅਨਸਰਾਂ ਦਾ ਪੂਰੀ ਤਰ੍ਹਾਂ ਖਾਤਮਾ ਕੀਤਾ ਜਾ ਸਕੇ। ਹਾਲ ਹੀ ‘ਚ ਅਜਿਹੀ ਹੀ ਇਕ ਮੁਹਿੰਮ ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਡਾ. ਪ੍ਰਭਦੀਪ ਕੌਰ ਜੌਹਲ ਦੀ ਨਿਗਰਾਨੀ ਹੇਠ ਚਲਾਈ ਗਈ, ਜਿਸ ਤਹਿਤ ਲੁਧਿਆਣਾ ‘ਚ ਇਕ ਅਣ-ਅਧਿਕਾਰਤ ਸਕੈਨ ਸੈਂਟਰ ਦਾ ਪਰਦਾਫਾਸ਼ ਕਰਦਿਆਂ ਇਕ ਪੋਰਟੇਬਲ ਅਲਟ੍ਰਾਸਾਊਂਡ ਮਸ਼ੀਨ ਬਰਾਮਦ ਕੀਤੀ ਗਈ ਹੈ।

ਇਹ ਵੀ ਪੜ੍ਹੋ: ਲੁਧਿਆਣਾ ਦੇ ਸਮਰਾਲਾ ਵਿੱਚ Corona Positive ਔਰਤ ਦੀ ਹੋਈ ਮੌਤ

ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਡਾ. ਪ੍ਰਭਦੀਪ ਕੌਰ ਜੌਹਲ ਨੇ ਦੱਸਿਆ ਕਿ ਉਨ੍ਹਾਂ ਨੂੰ ਲੁਧਿਆਣਾ ‘ਚ ਲਿੰਗ ਨਿਰਧਾਰਣ ਰੈਕੇਟ ਚਲਾਉਣ ਦੀ ਇਕ ਗੁਪਤ ਸੂਚਨਾ ਗੁਰਦਾਸਪੁਰ ਜ਼ਿਲੇ ਤੋਂ ਮਿਲੀ, ਜਿਸ ‘ਤੇ ਕਾਰਵਾਈ ਕਰਦਿਆਂ ਸਿਵਲ ਸਰਜਨ ਗੁਰਦਾਸਪੁਰ ਕਿਸ਼ਨ ਚੰਦ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਨੇ ਇਕ ਜਾਲ ਵਿਛਾਇਆ। ਇਸੇ ਤਹਿਤ ਇਕ ਫਰਜੀ ਮਰੀਜ਼ ਤਿਆਰ ਕੀਤਾ ਗਿਆ ਅਤੇ ਉਸ ਨੂੰ ਸਕੈਨ ਸੈਂਟਰ ‘ਤੇ ਭੇਜਿਆ ਗਿਆ, ਜਿਥੇ ਉਸ ਨੂੰ ਭਰੂਣ ਦਾ ਲਿੰਗ ਜਾਂਚਣ ਲਈ 15,000 ਰੁਪਏ ਦੀ ਅਦਾਇਗੀ ਕਰਨ ਲਈ ਕਿਹਾ ਗਿਆ।

ਉਨ੍ਹਾਂ ਨੇ ਸਿਹਤ ਵਿਭਾਗ ਵਲੋਂ ਨੋਟ ਕੀਤੇ ਨੰਬਰਾਂ ਵਾਲੇ ਪੰਦਰਾਂ ਹਜ਼ਾਰ ਰੁਪਏ ਦੇ ਕਰੰਸੀ ਨੋਟ ਵੀ ਮਰੀਜ਼ ਨੂੰ ਦਿੱਤੇ। ਏਜੰਟ ਵਲੋਂ ਜਾਣਕਾਰੀ ਅਨੁਸਾਰ ਇਕ ਮਹਿਲਾ ਲੁਧਿਆਣਾ ਦੇ ਬਾਈਪਾਸ ਤੋਂ ਮਰੀਜ਼ ਨੂੰ ਆਪਣੀ ਕਾਰ ‘ਚ ਲੁਧਿਆਣਾ ਦੇ ਜਮਾਲਪੁਰ ਖੇਤਰ ਦੇ ਸਾਈਂ ਕਲੀਨਿਕ ਲੈ ਗਈ। ਜਿਵੇਂ ਹੀ ਡਾਕਟਰ ਨੇ ਲਿੰਗ ਜਾਂਚਣ ਲਈ ਅਲਟ੍ਰਾਸੋਨੋਗ੍ਰਾਫੀ ਸ਼ੁਰੂ ਕੀਤੀ, ਟੀਮ ਨੇ ਹਸਪਤਾਲ ਵਿਖੇ ਛਾਪਾ ਮਾਰਿਆ ਅਤੇ ਕਲੀਨਿਕ ਦੇ ਮਾਲਕ ਡਾਕਟਰ ਰਾਕੇਸ਼ ਕੁਮਾਰ ਨੂੰ ਦਿੱਤੇ ਗਏ ਕਰੰਸੀ ਨੋਟ ਵੀ ਬਰਾਮਦ ਕਰ ਲਏ, ਜੋ ਵਿਭਾਗ ਵਲੋਂ ਦਿੱਤੇ ਗਏ ਨੋਟਾਂ ਦੇ ਨੰਬਰਾਂ ਨਾਲ ਮੇਲ ਖਾਂਦੇ ਸਨ। ਦੋਸ਼ੀ ਡਾਕਟਰ ਨੂੰ ਇਕ ਪੋਰਟੇਬਲ ਅਲਟਰਾਸਾਊਂਡ ਮਸ਼ੀਨ ਨਾਲ ਰੰਗੇ ਹੱਥੀਂ ਫੜ੍ਹਿਆ ਗਿਆ ਅਤੇ ਉਹ ਅਲਟ੍ਰਾਸਾਉਂਡ ਸਕੈਨ ਸੈਂਟਰ ਦੇ ਰਜਿਸਟ੍ਰੇਸ਼ਨ ਸਬੰਧੀ ਕੋਈ ਦਸਤਾਵੇਜ਼ ਨਹੀਂ ਦਿਖਾ ਸਕਿਆ। ਇਸ ਤੋਂ ਇਲਾਵਾ ਉਹ ਪੀ. ਐੱਨ. ਡੀ. ਟੀ. ਐਕਟ ਅਧੀਨ ਹੋਰ ਜ਼ਰੂਰੀ ਧਾਰਾਵਾਂ ਦੀ ਉਲੰਘਣਾ ਕਰਦਾ ਪਾਇਆ ਗਿਆ।

Ludhiana news in punjabi ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ