ਪੰਜਾਬ ‘ਚ ਸਵਾ ਰੁਪਏ ਦੇ ਸ਼ਗਨ ਨਾਲ ਕਰਵਾਏ ਗਏ ਆਨੰਦ ਕਾਰਜ, ਤੋਹਫੇ ਵੀ ਨਹੀਂ ਲਏ

A-marriage-was-conducted-in-Punjab-with-a-shagun-of-rs-1.25

ਤੁਸੀਂ ਦੇਖਿਆ ਹੋਵੇਗਾ ਕਿ ਅਕਸਰ ਹੀ ਸਮਾਜ ਵਿਚ ਫੌਕੀ ਟੌਹਰ ਅਤੇ ਸ਼ਰੀਕੇ ‘ਚ ਨੱਕ ਰੱਖਣ ਵਾਸਤੇ ਜ਼ਮੀਨਾਂ ਗਹਿਣੇ ਧਰ ਕੇ, ਕਰਜ਼ਾ ਚੁੱਕ ਕੇ ਵੱਡੇ-ਵੱਡੇ ਮੈਰਿਜ ਪੈਲੇਸਾਂ, ਰੈਸਟੋਰੈਂਟਾਂ ਵਿਚਵਿਆਹ ਕੀਤੇ ਜਾਂਦੇ ਹਨ। ਓਥੇ ਹੀ ਸਾਦਗੀ ਭਰੇ ਵਿਆਹਾਂ ਨੇ ਪੰਜਾਬ ਦੇ ਲੋਕਾਂ ਨੂੰ ਨਵਾਂ ਰਾਹ ਦਿਖਾਇਆ ਹੈ।  ਇਸ ਵਿਆਹ ਨੇ ਦਰਸਾ ਦਿੱਤਾ ਹੈ ਕਿ ਇਹ ਜ਼ਰੂਰੀ ਨਹੀਂ ਕਿ ਵਿਆਹਾਂ ‘ਤੇ ਲੱਖਾਂ ਰੁਪਏ ਖ਼ਰਚ ਕੀਤੇ ਜਾਣ।

ਦਰਅਸਲ ਇਹ ਵਿਆਹ ਹੈ ਹੀ ਅਨੋਖਾ ਸੀ। ਇਹ ਵਿਆਹ ਪੰਜਾਬ ਦੀ ਪਵਿੱਤਰ ਧਰਤੀ ਸੁਲਤਾਨਪੁਰ ਲੋਧੀ ਵਿਖੇ ਹੋਇਆ ਹੈ। ਜਿੱਥੇ 2 ਪਰਿਵਾਰਾਂ ਵੱਲੋਂ ਦਹੇਜ ਪ੍ਰਥਾ ਨੂੰ ਪਾਸੇ ਛੱਡ ਕੇ ਸਵਾ ਰੁਪਏ ਸ਼ਗਨ ਵਿਚ ਕੀਤਾ ਅਤੇ ਰਿਸ਼ਤੇਦਾਰਾਂ ਤੇ ਸੱਜਣਾਂ ਪਾਸੋਂ ਸ਼ਗਨ ਅਤੇ ਤੋਹਫ਼ੇ ਵੀ ਨਹੀਂ ਲਏ ਗਏ।

ਵਿਦੇਸ਼ ਵਿੱਚੋਂ ਆਏ ਬਲਬੀਰ ਸਿੰਘ ਥਿੰਦ ਅਤੇ ਜਸਵਿੰਦਰ ਕੌਰ ਦੇ ਸਪੁੱਤਰ ਗੁਰਸਿਮਰਨ ਪ੍ਰੀਤ ਸਿੰਘ ਅਤੇ ਹਰਮਨਪ੍ਰੀਤ ਕੌਰ ਸੁਪੱਤਰੀ ਦੀਦਾਰ ਸਿੰਘ ਪਿੰਡ ਬਾਹਮਣੀਆਂ ਦੇ ਨਾਲ ਪੂਰਨ ਗੁਰਮਾਰਿਆਦਾ ਅਨੁਸਾਰ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਭਾਈ ਮਰਦਾਨਾ ਜੀ ਹਾਲ ਵਿਖੇ ਬਿਲਕੁਲ ਸਾਦੇ ਢੰਗ ਨਾਲ ਸਵਾ ਰੁਪਏ ਦੇ ਸ਼ਗਨ ਨਾਲ ਅਤੇ ਬਗੈਰ ਕਿਸੇ ਵੀ ਰਿਸ਼ਤੇਦਾਰ ਜਾਂ ਸਕੇ ਸਬੰਧੀਆਂ ਦੋਸਤਾਂ ਮਿੱਤਰਾਂ ਤੋਂ ਕੋਈ ਵੀ ਸ਼ਗਨ ਜਾਂ ਤੋਹਫ਼ਾ ਨਹੀ ਲਿਆ ਗਿਆ।

ਇਸ ਤੋਂ ਪਹਿਲਾਂ ਬਲਬੀਰ ਸਿੰਘ ਦੇ ਘਰ ਡੇਰਾ ਨੰਦ ਸਿੰਘ ਕਕਰਾਲਾ ਵਿਖੇ ਹੋਏ ਸ਼ਗਨ ਵਿਚ ਵੀ ਪਰਿਵਾਰ ਵੱਲੋਂ ਰਿਸ਼ਤੇਦਾਰਾਂ ਪਾਸੋਂ ਸ਼ਗਨ ਅਤੇ ਤੋਹਫ਼ੇ ਨਹੀਂ ਲਏ ਗਏ ਅਤੇ ਸਿਰਫ਼ ਆਪਣੇ ਲੜਕੇ ਦੀ ਝੋਲੀ ਵਿੱਚ ਸ਼ਗਨ ਵਜੋਂ ਫੁੱਲ ਹੀ ਪਵਾਏ ਗਏ। ਆਨੰਦ ਕਾਰਜ ਵਿਚ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਸੁਰਜੀਤ ਸਿੰਘ ਸਭਰਾਅ ਨੇ ਆਨੰਦ ਕਾਰਜ ਦਾ ਪਾਠ ਕੀਤਾ। ਸਮਾਗਮ ਦੇ ਅੰਤ ਵਿੱਚ ਗੁਰੂ ਦੇ ਅਤੁੱਟ ਲੰਗਰ ਵੀ ਵਰਤਾਏ ਗਏ। ਸਮਾਗਮ ਦੀਆਂ ਸਾਰੀਆਂ ਰਸਮਾਂ ਹੀ ਸਾਦੇ ਢੰਗ ਨਾਲ ਬਿਨਾਂ ਸ਼ਗਨ ਤੋਂ ਹੋਈਆਂ।

ਵਿਆਹ ਵਾਲੇ ਮੁੰਡੇ-ਕੁੜੀ ਦਾ ਕਹਿਣਾ ਹੈ ਕਿ “ਸਾਦੇ ਵਿਆਹ ਸਾਦੇ ਭੋਗ, ਨਾ ਕੋਈ ਚਿੰਤਾ ਨਾ ਕੋਈ ਰੋਗ” ਉਹ ਸਾਦੇ ਢੰਗ ਨਾਲ ਵਿਆਹ ਕਰਨਾ ਚਾਹੁੰਦੇ ਸਨ ਅਤੇ ਪਰਿਵਾਰ ਵਾਲਿਆਂ ਕਿਹਾ ਕਿ ਉਨ੍ਹਾਂ ਨੇ ਸਾਦੇ ਢੰਗ ਨਾਲ ਵਿਆਹ ਕਰਨ ਦਾ ਫ਼ੈਸਲਾ ਕੀਤਾ। ਇਸ ਵਿਆਹ ਦੀ ਪੂਰੇ ਇਲਾਕੇ ਵਿਚ ਚਰਚਾ ਹੈ ਅਤੇ ਲੜਕੇ ਦੇ ਪਿਤਾ ਬਲਬੀਰ ਸਿੰਘ ਥਿੰਦ ਵੱਲੋਂ ਇਸ ਸਾਦੇ ਢੰਗ ਨਾਲ ਕੀਤੇ ਕਾਰਜ ਦੀ ਸਮੂਹ ਇਲਾਕਾ ਨਿਵਾਸੀਆਂ ਨੇ ਸ਼ਲਾਘਾ ਕੀਤੀ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ