ਕਰਤਾਰਪੁਰ ਲਾਂਘੇ ‘ਤੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਕੇਂਦਰ ਸਰਕਾਰ ਤੇ ਮੋਦੀ ਉੱਤੇ ਲਾਏ ਇਹ ਦੋਸ਼

sukhjinder randhawa

ਕਰਤਾਰਪੁਰ ਲਾਂਘੇ ਦਾ ਕੰਮ ਪੰਜਾਬ ਸਰਕਾਰ ਵੱਲੋਂ ਸ਼ੁਰੂ ਹੋ ਚੁੱਕਾ ਹੈ ਪਰ ਕੇਂਦਰ ਸਰਕਾਰ ਵੱਲੋਂ ਠੰਢਾ ਚੱਲ ਰਿਹਾ ਹੈ। ਇਹ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦਾ ਦਾਅਵਾ ਹੈ। ਰੰਧਾਵਾ ਨੇ ਦੋਸ਼ ਲਾਇਆ ਹੈ ਕਿ ਕੇਂਦਰ ਨੇ ਲਾਂਘੇ ਦੀ ਸੜਕ ਬਣਾਉਣ ਦਾ ਕੰਮ ਵੀ ਸ਼ੁਰੂ ਨਹੀਂ ਕੀਤਾ।

ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ ਨੇ ਕਰਤਾਰਪੁਰ ਲਾਂਘੇ ਦੀ ਸੜਕ ਤਿਆਰ ਕਰਨੀ ਹੈ, ਪਰ ਉਨ੍ਹਾਂ ਨੇ ਡੇਰਾ ਬਾਬਾ ਨਾਨਕ ਵਿੱਚ ਹਾਲੇ ਤਕ ਆਪਣੇ ਕਰਮਚਾਰੀਆਂ ਲਈ ਕੋਈ ਆਰਜ਼ੀ ਦਫ਼ਤਰ ਵੀ ਤਿਆਰ ਨਹੀਂ ਕੀਤਾ। ਰੰਧਾਵਾ ਨੇ ਕਿਹਾ ਪੰਜਾਬ ਸਰਕਾਰ ਵੱਲੋਂ ਡੇਰਾ ਬਾਬਾ ਨਾਨਕ ਇਲਾਕੇ ਦੇ ਵਿਕਾਸ ਲਈ ਪੈਸਾ ਜਾਰੀ ਕਰ ਦਿੱਤਾ ਗਿਆ ਹੈ।

ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਲਾਂਘੇ ਨੂੰ ਚਾਰ ਮਹੀਨੇ ਵਿੱਚ ਤਿਆਰ ਕਰਨ ਦਾ ਵਾਅਦਾ ਕੀਤਾ ਸੀ ਪਰ ਹਾਲੇ ਤਕ ਇੱਕ ਇੱਟ ਵੀ ਨਹੀਂ ਲੱਗੀ। ਰੰਧਾਵਾ ਨੇ ਮੋਦੀ ਸਰਕਾਰ ‘ਤੇ ਇਹ ਵੀ ਦੋਸ਼ ਲਾਇਆ ਕਿ ਡੇਰਾ ਬਾਬਾ ਨਾਨਕ ਦੇ ਵਿਕਾਸ ਲਈ ਉਨ੍ਹਾਂ ਵੱਲੋਂ ਭੇਜੀਆਂ ਮੰਗਾਂ ਦੀਆਂ ਲਿਸਟਾਂ ਬੇਰੰਗ ਪਰਤ ਆਈਆਂ ਹਨ।

ਹੁਣ ਰੰਧਾਵਾ ਨੇ ਕੇਂਦਰ ਨੂੰ ਮੰਗਾਂ ਦੀ ਨਵੀਂ ਸੂਚੀ ਭੇਜ ਦਿੱਤੀ ਹੈ। ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੇ ਦੱਸਿਆ ਹੈ ਕਿ ਪੰਜਾਬ ਤੋਂ ਬਾਹਰਲੀਆਂ ਜੇਲ੍ਹਾਂ ਵਿੱਚ ਕੈਦ ਸਿੱਖਾਂ ਦੀ ਰਿਹਾਈ ਦੀ ਮੰਗ ਲਈ ਕੇਂਦਰ ਨੂੰ ਰਿਮਾਇੰਡਰ ਵੀ ਭੇਜਿਆ ਗਿਆ ਹੈ।

Source:AbpSanjha