‘1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਨੇ ਆਖ਼ਰ ਕਰ ਹੀ ਦਿੱਤਾ ਆਤਮ ਸਮਰਪਣ

sajjan kumar surrenders

ਨਵੀਂ ਦਿੱਲੀ: 1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੇ ਆਖ਼ਰ ਆਤਮ ਸਮਰਪਣ ਕਰ ਹੀ ਦਿੱਤਾ ਹੈ। ਸੱਜਣ ਕੁਮਾਰ ਨੇ ਦਿੱਲੀ ਦੀ ਕੜਕੜਡੂਮਾ ਅਦਾਲਤ ਵਿੱਚ ਸਰੰਡਰ ਕੀਤਾ ਹੈ। ਇਸ ਤੋਂ ਪਹਿਲਾਂ ਉਸ ਦੇ ਸਾਥੀ ਮੁਜਰਮ ਮਹੇਂਦਰ ਯਾਦਵ ਤੇ ਕ੍ਰਿਸ਼ਨ ਖੋਖਰ ਵੀ ਦਿੱਲੀ ਦੀ ਕੜਕੜਡੂਮਾ ਕੋਰਟ ਵਿੱਚ ਸਮਰਪਣ ਕਰ ਚੁੱਕੇ ਹਨ। 1984 ਸਿੱਖ ਕਤਲੇਆਮ ਦੌਰਾਨ ਪੰਜ ਸਿੱਖਾਂ ਦੇ ਕਤਲ ਮਾਮਲੇ ਵਿੱਚ ਸੱਜਣ ਕੁਮਾਰ ਨੂੰ ਦਿੱਲੀ ਹਾਈਕੋਰਟ ਨੇ ਤਾ-ਉਮਰ ਕੈਦ ਦੀ ਸਜ਼ਾ ਸੁਣਾਈ ਹੋਈ ਹੈ। ਸੱਜਣ ਕੁਮਾਰ ਨੂੰ ਹੁਣ ਤਿਹਾੜ ਜੇਲ੍ਹ ਭੇਜਿਆ ਜਾ ਸਕਦਾ ਹੈ।

ਦਿੱਲੀ ਛਾਉਣੀ ਵਿੱਚ ਪੰਜ ਸਿੱਖਾਂ ਦੇ ਕਤਲ ਦੇ ਮਾਮਲੇ ਵਿੱਚ ਸੱਜਣ ਕੁਮਾਰ ਸਮੇਤ ਛੇ ਜਣਿਆਂ ਨੂੰ ਧਾਰਾ 302 ਤਹਿਤ ਦੋਸ਼ੀ ਠਹਿਰਾਇਆ ਗਿਆ ਹੈ। ਅਦਾਲਤ ਨੇ ਸੱਜਣ ਕੁਮਾਰ ਨੂੰ ਪੰਜ ਲੱਖ ਰੁਪਏ ਜ਼ੁਰਮਾਨਾ ਵੀ ਲਾਇਆ ਹੈ। ਦਿੱਲੀ ਹਾਈ ਕੋਰਟ ਨੇ ਸੱਜਣ ਕੁਮਾਰ ਤੋਂ ਇਲਾਵਾ ਸਾਬਕਾ ਵਿਧਾਇਕ ਮਹਿੰਦਰ ਯਾਦਵ ਤੇ ਕਿਸ਼ਨ ਖੋਖਰ ਦੀ ਸਜ਼ਾ ਨੂੰ 10-10 ਸਾਲ ਤਕ ਵਧਾ ਦਿੱਤਾ ਗਿਆ ਸੀ। ਕੈਪਟਨ ਭਾਗਮਲ, ਗਿਰਧਾਰੀ ਲਾਲ ਅਤੇ ਸਾਬਕਾ ਕਾਂਗਰਸੀ ਕੌਂਸਲਰ ਬਲਵਾਨ ਖੋਖਰ ਦੀ ਉਮਰ ਕੈਦ ਦੀ ਸਜ਼ਾ ਬਰਕਰਾਰ ਰੱਖੀ ਗਈ ਹੈ।

ਹਾਲਾਂਕਿ, ਸੱਜਣ ਕੁਮਾਰ ਨੇ ਅਦਾਲਤ ਦੇ ਫੈਸਲੇ ਨੂੰ ਕਈ ਥਾਵਾਂ ‘ਤੇ ਚੁਣੌਤੀ ਤੇ ਸਮਰਪਣ ਕਰਨ ਲਈ ਵੱਧ ਸਮਾਂ ਦੇਣ ਦੀ ਅਪੀਲ ਵੀ ਕੀਤੀ ਪਰ ਹਾਲੇ ਤਕ ਉਸ ਨੂੰ ਕੋਈ ਰਿਆਇਤ ਨਹੀਂ ਮਿਲੀ। ਸ਼ਰਮਾ ਨੇ ਦੱਸਿਆ ਸੀ ਕਿ ਸੁਪਰੀਮ ਕੋਰਟ ਵੱਲੋਂ ਸੱਜਣ ਕੁਮਾਰ ਦੀ ‘ਰਾਹਤ ਅਰਜ਼ੀ’ ‘ਤੇ ਲਾਏ ਇਤਰਾਜ਼ ਦੂਰ ਕਰ ਦਿੱਤੇ ਹਨ, ਪਰ ਪਹਿਲੀ ਜਨਵਰੀ ਤਕ ਸਰਦੀਆਂ ਦੀਆਂ ਛੁੱਟੀਆਂ ਹੋਣ ਕਾਰਨ 31 ਦਸੰਬਰ ਤਕ ਸੁਣਵਾਈ ਹੋਣ ਮੁਮਕਿਨ ਨਹੀਂ ਹੈ। ਦੇਸ਼ ਦੀ ਸਿਖਰਲੀ ਅਦਾਲਤ ਦੋ ਜਨਵਰੀ ਤੋਂ ਕੰਮਕਾਜ ਆਰੰਭ ਦੇਵੇਗੀ, ਜਿਸ ਤੋਂ ਬਾਅਦ ਹੀ ਸੱਜਣ ਕੁਮਾਰ ਦੀ ਅਰਜ਼ੀ ਵਿਚਾਰਨ ਬਾਰੇ ਫੈਸਲਾ ਹੋ ਸਕਦਾ ਹੈ।

Source:AbpSanjha