ਬੀਜੇਪੀ ਤੇ ਅਕਾਲੀ ਦਲ ‘ਚ ਟਕਰਾਅ , ਮਨਜਿੰਦਰ ਸਿਰਸਾ ਵਲੋਂ ਅਮਿਤ ਸ਼ਾਹ ਨੂੰ ਸਿੱਧੀ ਚੇਤਾਵਨੀ

manjinder singh sirsa warns bjp president amit shah

ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਤੇ ਉੱਤਰ ਪ੍ਰਦੇਸ਼ ਵਿੱਚ ਓਪੀ ਰਾਜਭਰ ਦੀ ਪਾਰਟੀ ਦੇ ਬਗ਼ਾਵਤੀ ਤੇਵਰ ਮਗਰੋਂ ਹੁਣ ਪੰਜਾਬ ‘ਚ ਬੀਜੇਪੀ ਨੂੰ ਸਹਿਯੋਗੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਅੱਖਾਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਅਕਾਲੀ ਦਲ ਦੇ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰ ਅਮਿਤ ਸ਼ਾਹ ਨੂੰ ਚੇਤਾਵਨੀ ਭਰੇ ਲਹਿਜ਼ੇ ‘ਚ ਕਿਹਾ ਹੈ ਕਿ ਗੁਰਦੁਆਰਿਆਂ ਵਿੱਚ ਕੇਂਦਰ ਦਾ ਦਖ਼ਲ ਬੀਜੇਪੀ ਤੇ ਅਕਾਲੀ ਦਲ ‘ਚ ਟਕਰਾਅ ਪੈਦਾ ਕਰ ਸਕਦਾ ਹੈ।

ਸਿਰਸਾ ਨੇ ਟਵੀਟ ਕੀਤਾ ਕਿ ਕੇਂਦਰੀ ਸਰਕਾਰ ਵੱਲੋਂ ਗੁਰਦੁਆਰਿਆਂ ਵਿੱਚ ਲਗਾਤਾਰ ਅੜਿੱਚਣ ਪੈਦਾ ਕਰਨ ਦੇ ਕਾਰਨ ਭਾਰਤ ਤੇ ਪੂਰੀ ਦੁਨੀਆ ਵਿੱਚ ਘੱਟ ਗਿਣਤੀ ਸਿੱਖਾਂ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਰਹੀ ਹੈ। ਚਾਹੇ ਉਹ ਪਟਨਾ ਸਾਹਿਬ ਹੋਵੇ ਜਾਂ ਹਜ਼ੂਰ ਸਾਹਿਬ। ਮੈਂ ਅਮਿਤ ਸ਼ਾਹ ਨੂੰ ਅਪੀਲ ਕਰਦਾ ਹਾਂ ਕਿ ਇਸ ਤੋਂ ਪਹਿਲਾਂ ਇਹ ਮੁੱਦਾ ਬੀਜੇਪੀ ਤੇ ਅਕਾਲੀ ਦਲ ਦਰਮਿਆਨ ਟਕਰਾਅ ਦਾ ਕਾਰਨ ਬਣੇ, ਇਸ ਵੱਲ ਧਿਆਨ ਦਿੱਤਾ ਜਾਵੇ।

ਆਉਂਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿਰਸਾ ਨੇ ਬੇਹੱਦ ਅਹਿਮ ਬਿਆਨ ਦਿੱਤਾ ਹੈ। ਅੰਦਾਜ਼ਾ ਹੈ ਕਿ ਲੋਕ ਸਭਾ ਚੋਣਾਂ ਵਿੱਚ ਬੀਜੇਪੀ-ਅਕਾਲੀ ਦਲ ਦਾ ਗਠਜੋੜ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇਗਾ।

ਸਰਵੇਖਣ ਮੁਤਾਬਕ ਇਸ ਵਾਰ ਪੰਜਾਬ ਵਿੱਚ ਕਾਂਗਰਸ ਸ਼ਾਨਦਾਰ ਸਥਿਤੀ ਵਿੱਚ ਦਿਖਾਈ ਦੇ ਰਹੀ ਹੈ। ਸੂਬੇ ਦੀਆਂ 13 ਲੋਕ ਸਭਾ ਸੀਟਾਂ ‘ਚੋਂ 12 ‘ਤੇ ਯੂਪੀਏ ਜਿੱਤ ਪ੍ਰਾਪਤ ਕਰਦੀ ਵਿਖਾਈ ਦੇ ਰਹੀ ਹੈ ਤੇ ਐਨਡੀਏ ਨੂੰ ਸਿਰਫ਼ ਇੱਕ ਸੀਟ ਮਿਲਦੀ ਜਾਪਦੀ ਹੈ। ਹੁਣ ਪੰਜਾਬ ਤੋਂ ਬਾਹਰਲੇ ਗੁਰਦੁਆਰਿਆਂ ਦੇ ਪ੍ਰਬੰਧਨ ਵਿੱਚ ਬੀਜੇਪੀ ਵੱਲੋਂ ਕੀਤੀ ਜਾ ਰਹੀ ਦਖ਼ਲਅੰਦਾਜ਼ੀ ‘ਤੇ ਅਕਾਲੀ ਦਲ ਵੱਲੋਂ ਆਮ ਚੋਣਾਂ ਤੋਂ ਐਨ ਪਹਿਲਾਂ ਚੁੱਕੇ ਜਾ ਰਹੇ ਸਵਾਲਾਂ ਦੇ ਕਈ ਮਾਅਨੇ ਨਿੱਕਲਦੇ ਹਨ।

Source:AbpSanjha