‘ਮੌੜ ਬੰਬ ਕਾਂਡ’ ਦੇ 2 ਸਾਲਾਂ ਮਗਰੋਂ ਪੁਲਿਸ ਹੱਥ ਲੱਗੀਆਂ ਸਿਰਫ ਮੁਲਜ਼ਮਾਂ ਦੀਆਂ ਤਸਵੀਰਾਂ

maur bomb blast

ਦੋ ਸਾਲ ਪਹਿਲਾਂ ਵਾਪਰੇ ਮੌੜ ਬੰਬ ਧਮਾਕੇ ਵਿੱਚ ਨਾਮਜ਼ਦ ਤਿੰਨ ਮੁਲਜ਼ਮਾਂ ਤਕ ਪੁਲਿਸ ਦੇ ਹੱਥ ਨਹੀਂ ਪਹੁੰਚ ਸਕੇ। ਇਸ ਸਮੇਂ ਦੌਰਾਨ ਸਿਰਫ਼ ਮੁਲਜ਼ਮਾਂ ਦੀਆਂ ਤਸਵੀਰਾਂ ਹੀ ਲੱਭੀਆਂ ਗਈਆਂ ਹਨ। ਪਰ ਭਲਕੇ ਤਲਵੰਡੀ ਸਾਬੋ ਦੀ ਅਦਾਲਤ ਨੇ ਤਿੰਨੇ ਮੁਲਜ਼ਮਾਂ ਨੂੰ ਭਗੌੜਾ ਐਲਾਨ ਦਿੱਤਾ ਹੈ, ਜਿਸ ਮਗਰੋਂ ਪੁਲਿਸ ਨੇ ਇਨ੍ਹਾਂ ਦੇ ਪੋਸਟਰ ਛਪਵਾ ਦਿੱਤੇ ਹਨ।

ਤਲਵੰਡੀ ਸਾਬੋ ਅਦਾਲਤ ਨੇ ਮੁਲਜ਼ਮ ਗੁਰਤੇਜ ਸਿੰਘ, ਅਵਤਾਰ ਸਿੰਘ ਅਤੇ ਅਮਰੀਕ ਸਿੰਘ ਨੂੰ 31 ਜਨਵਰੀ, 2017 ਨੂੰ ਮੌੜ ਥਾਣੇ ਵਿੱਚ ਦਰਜ ਐੱਫ.ਆਈ.ਆਰ ਨੰਬਰ 14 ‘ਚ ਭਗੌੜਾ ਕਰਾਰ ਦੇ ਦਿੱਤਾ ਹੈ। ਪੁਲਿਸ ਨੇ ਅਦਾਲਤੀ ਫ਼ੈਸਲੇ ਮਗਰੋਂ ਇਨ੍ਹਾਂ ਮੁਲਜ਼ਮਾਂ ਦੇ ਇਸ਼ਤਿਹਾਰ ਲਗਾ ਦਿੱਤੇ ਹਨ।

maur bomb blast accused posters

ਵਿਸ਼ੇਸ਼ ਜਾਂਚ ਟੀਮ ਨੂੰ ਹੁਣ ਤਕ ਇਨ੍ਹਾਂ ਮੁਲਜ਼ਮਾਂ ਦਾ ਹੁਲੀਆ ਹੀ ਨਹੀਂ ਪਤਾ ਸੀ ਤੇ ਕਾਫ਼ੀ ਮਿਹਨਤ ਮਗਰੋਂ ਇਨ੍ਹਾਂ ਦੀਆਂ ਤਸਵੀਰਾਂ ਹੱਥ ਲੱਗੀਆਂ ਹਨ। ਸੂਤਰਾਂ ਅਨੁਸਾਰ ਇਹ ਤਿੰਨੋਂ ਮੁਲਜ਼ਮ ਨਿਪੁੰਸਕ ਹਨ ਅਤੇ ਤਿੰਨਾਂ ਵਿੱਚੋਂ ਕੋਈ ਵੀ ਫ਼ੋਨ ਦੀ ਵਰਤੋਂ ਵੀ ਨਹੀਂ ਕਰ ਰਿਹਾ। ਇਨ੍ਹਾਂ ਮੁਲਜ਼ਮਾਂ ਨੇ ਆਪਣੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਨਾਲ ਵੀ ਕੋਈ ਸੰਪਰਕ ਨਹੀਂ ਰੱਖਿਆ ਹੈ। ਅਮਰੀਕ ਸਿੰਘ ਨੂੰ ਆਖ਼ਰੀ ਵਾਰ ਪੰਚਕੂਲਾ ਵਿਚ 25 ਅਗਸਤ, 2017 ਨੂੰ ਡੇਰਾ ਮੁਖੀ ਦੇ ਨਾਲ ਦੇਖਿਆ ਗਿਆ ਸੀ ਤੇ ਉਸ ਮਗਰੋਂ ਉਹ ਫ਼ਰਾਰ ਹੋ ਗਿਆ।

ਸੂਤਰਾਂ ਅਨੁਸਾਰ ਜਦੋਂ ਇਹ ਤਿੰਨੋਂ ਡੇਰਾ ਸਿਰਸਾ ਚਲੇ ਗਏ ਸਨ ਤੇ ਨਿਪੁੰਸਕ ਬਣਾ ਦਿੱਤੇ ਗਏ ਸਨ ਤਾਂ ਉਨ੍ਹਾਂ ਦੇ ਡੇਰਾ ਰਵਾਇਤਾਂ ਅਨੁਸਾਰ ਸਭ ਰਿਸ਼ਤੇ ਨਾਤੇ ਖ਼ਤਮ ਹੋ ਗਏ ਸਨ। ਪੁਲੀਸ ਨੂੰ ਸ਼ੱਕ ਹੈ ਕਿ ਮੁਲਜ਼ਮਾਂ ਨੇ ਆਪਣੇ ਹੁਲੀਏ ਬਦਲ ਲਏ ਹਨ। ਜ਼ਿਕਰਯੋਗ ਹੈ ਕਿ ਪੰਜਾਬ ਚੋਣਾਂ ਸਮੇਂ 31 ਜਨਵਰੀ, 2017 ਦੀ ਰਾਤ ਨੂੰ ਮੌੜ ਮੰਡੀ ‘ਚ ਮਾਰੂਤੀ ਕਾਰ ਵਿੱਚ ਬੰਬ ਧਮਾਕਾ ਹੋਇਆ ਸੀ, ਜਿਸ ਕਾਰਨ ਚਾਰ ਬੱਚਿਆਂ ਸਮੇਤ ਸੱਤ ਜਣਿਆਂ ਦੀ ਮੌਤ ਹੋ ਗਈ ਸੀ। ਬੰਬ ਧਮਾਕੇ ਵਿਚ ਡੇਰਾ ਮੁਖੀ ਦੇ ਰਿਸ਼ਤੇਦਾਰ ਤੇ ਕਾਂਗਰਸੀ ਨੇਤਾ ਹਰਮਿੰਦਰ ਜੱਸੀ ਨੂੰ ਨਿਸ਼ਾਨਾ ਬਣਾਇਆ ਗਿਆ, ਜੋ ਵਾਲ-ਵਾਲ ਬਚ ਗਏ ਸਨ।

Source:AbpSanjha