ਮੋਦੀ ਦੀ ਪੰਜਾਬ ਫੇਰੀ ਤੋਂ ਪਹਿਲਾਂ ‘ਆਪ’ ਨੇ ਅਕਾਲੀ ਦਲ ਨੂੰ ਘੇਰਿਆ

Prof. Baljinder Kaur

ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਅਕਾਲੀ ਦਲ ‘ਤੇ ਸਵਾਲ ਉਠਾਏ ਹਨ। ‘ਆਪ’ ਨੇ ਇਲਜ਼ਾਮ ਲਾਇਆ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਅਸਲ ਸੰਘੀ ਢਾਂਚੇ ਅਧੀਨ ਰਾਜਾਂ ਨੂੰ ਵੱਧ ਅਧਿਕਾਰਾਂ ਦੇ ਮੁੱਦੇ ‘ਤੇ ਦੋਗਲੀ ਨੀਤੀ ਅਪਣਾ ਰਹੇ ਹਨ।

‘ਆਪ’ ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ ਪਾਰਟੀ ਦੀ ਚੀਫ਼ ਸਪੋਕਸਪਰਸਨ ਤੇ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਦਹਾਕਿਆਂ ਤੋਂ ਅਸਲ ਸੰਘੀ ਢਾਂਚੇ ਦਾ ਰਾਗ ਅਲਾਪਣ ਵਾਲੇ ਬਾਦਲ ਪਿਛਲੇ ਸਾਢੇ ਚਾਰ ਸਾਲ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੇਂਦਰ ਦੀ ਸੱਤਾ ਭੋਗ ਰਹੇ ਹਨ, ਪਰ ਅਸਲੀ ਸੰਘੀ ਢਾਂਚੇ ਤਹਿਤ ਰਾਜਾਂ ਨੂੰ ਵੱਧ ਅਧਿਕਾਰਾਂ ਦੀ ਮੰਗ ਨਹੀਂ ਉਠਾਈ।

ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਹਰਸਿਮਰਤ ਕੌਰ ਬਾਦਲ ਦੀ ਕੁਰਸੀ ਲਈ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਹਿੱਤ ਗਹਿਣੇ ਰੱਖ ਦਿੱਤੇ। ਇੱਥੋਂ ਤੱਕ ਕਿ ਆਪਣੀ ਭਾਈਵਾਲ ਵਾਲੀ ਵਾਜਪਾਈ ਸਰਕਾਰ ਵੱਲੋਂ ਗੁਆਂਢੀ ਪਹਾੜੀ ਰਾਜਾਂ ਨੂੰ ਦਿੱਤੀਆਂ ਵਿਸ਼ੇਸ਼ ਟੈਕਸ ਛੋਟਾਂ ਨੂੰ ਪੰਜਾਬ ‘ਚ ਲਾਗੂ ਨਹੀਂ ਕਰਵਾ ਸਕੇ। ਇਸ ਕਰਕੇ ਪੰਜਾਬ ਦਾ ਸਾਰਾ ਉਦਯੋਗ ਤਬਾਹ ਹੋ ਗਿਆ ਤੇ ਬਾਕੀ ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ‘ਚ ਹਿਜਰਤ ਕਰ ਗਿਆ।

ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੇ ਕੇਂਦਰੀ ਮੰਤਰੀ ਦੀ ਕੁਰਸੀ ਨੂੰ ਹੀ ਪਹਿਲ ਦਿੱਤੀ ਪਰ ਦੂਜੇ ਪਾਸੇ ਟੀਡੀਪੀ ਸਮੇਤ ਕਈ ਖੇਤਰੀ ਦਲਾਂ ਨੇ ਆਪਣੇ ਰਾਜਾਂ ਦੇ ਹਿੱਤਾਂ ਦੀ ਆਵਾਜ਼ ਚੁੱਕਦੇ ਹੋਏ, ਕੇਂਦਰ ਸਰਕਾਰ ਦੀਆਂ ਵਜੀਰੀਆਂ ਨੂੰ ਲੱਤ ਮਾਰ ਦਿੱਤੀ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਬਾਦਲਾਂ ਨੂੰ ਪੰਥ, ਪੰਜਾਬ ਤੇ ਪੰਜਾਬੀਅਤ ਦੀ ਉਦੋਂ ਯਾਦ ਆਉਂਦੀ ਹੈ ਜਦ ਸੱਤਾ ਖੁੱਸ ਜਾਂਦੀ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਲੋਕ ਬਾਦਲਾਂ ਦਾ ਅਸਲੀ ਕਿਰਦਾਰ ਪਛਾਣ ਚੁੱਕੇ ਹਨ ਤੇ ਭਵਿੱਖ ‘ਚ ਇਨ੍ਹਾਂ ਦੀਆਂ ਦੋਗਲੀਆਂ ਗੱਲਾਂ ਤੋਂ ਗੁਮਰਾਹ ਨਹੀਂ ਹੋਣਗੇ।

Source:AbpSanjha