ਮਹਾਂਗੱਠਜੋੜ ਤੋਂ ਪਹਿਲਾਂ ਹੀ ਲੀਡਰਾਂ ਵਿੱਚ ‘ਆਪ’ ਨੂੰ ਸ਼ਾਮਲ ਕਰਨ ਤੇ ਮਤਭੇਦ

mahagathjorh in punjab

ਲੋਕ ਸਭਾ ਚੋਣਾਂ ਵਿੱਚ ਕੁਝ ਹੀ ਸਮਾਂ ਬਾਕੀ ਹੈ। ਇਸ ਲਈ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਸੇ ਦੇ ਚੱਲਦਿਆਂ ਅੱਜ ਮਹਾਂਗੱਠਜੋੜ ਬਣਾਉਣ ਦੀਆਂ ਤਿਆਰੀਆਂ ‘ਚ ਜੁਟੇ ਲੀਡਰਾਂ ਦੀ ਮੀਟਿੰਗ ਹੋਈ। ਮੀਟਿੰਗ ਵਿੱਚ ਪੰਜਾਬੀ ਏਕਤਾ ਪਾਰਟੀ, ਲੋਕ ਇਨਸਾਫ ਪਾਰਟੀ, ਸ਼੍ਰੋਮਣੀ ਅਕਾਲੀ ਦਲ ਟਕਸਾਲੀ ਤੇ ਬਸਪਾ ਦੇ ਲੀਡਰ ਪਹੁੰਚੇ। ਗਠਜੋੜ ਤੋਂ ਪਹਿਲਾਂ ਹੀ ਲੀਡਰਾਂ ਦੇ ਵਿਚਾਰਾਂ ਵਿੱਚ ਮਤਭੇਦ ਵੇਖਣ ਨੂੰ ਵੀ ਮਿਲਿਆ।

ਹਾਸਲ ਜਾਣਕਾਰੀ ਮੁਤਾਬਕ ਬੈਠਕ ਵਿੱਚ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਤੇ ਯੂਨਾਈਟਿਡ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਦੀਪ ਸਿੰਘ ਬਠਿੰਡਾ ਬਸਪਾ ਸੁਪਰੀਮੋ ਮਾਇਆਵਤੀ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਉਮੀਦਵਾਰ ਬਣਾਉਣ ਤੇ ਆਮ ਆਦਮੀ ਪਾਰਟੀ ਨੂੰ ਗਠਜੋੜ ਵਿੱਚ ਸ਼ਾਮਲ ਕਰਨ ਦੀ ਵਕਾਲਤ ਕਰਦੇ ਨਜ਼ਰ ਆਏ। ਉਨ੍ਹਾਂ ਦਾਅਵਾ ਕੀਤਾ ਕਿ ਇਸ ਬਾਰੇ ਸਹਿਮਤੀ ਬਣ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਰਵਾਇਤੀ ਪਾਰਟੀਆਂ ਕਾਂਗਰਸ, ਅਕਾਲੀ ਦਲ ਤੇ ਬੀਜੇਪੀ ਨੂੰ ਛੱਡ ਕੇ ਹੋਰਾਂ ਲਈ ਦਰਵਾਜ਼ੇ ਖੁੱਲ੍ਹੇ ਹੋਣ ਦੀ ਗੱਲ ਆਖੀ।

ਹਾਲਾਂਕਿ ਹੋਰ ਲੀਡਰਾਂ ਨੇ ਕਿਹਾ ਕਿ ਹਾਲੇ ਗਠਜੋੜ ਸਬੰਧੀ ਚਰਚਾ ਹੋਈ ਹੈ ਜਦਕਿ ਉਮੀਦਵਾਰਾਂ ਸਬੰਧੀ ਹਫ਼ਤੇ ਬਾਅਦ ਫੈਸਲਾ ਲਿਆ ਜਾਏਗਾ। ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ‘ਆਪ’ ਨੂੰ ਗਠਜੋੜ ਵਿੱਚ ਸ਼ਾਮਲ ਕਰਨ ਤੇ ਮਾਇਆਵਤੀ ਨੂੰ ਪੀਐਮ ਉਮੀਦਵਾਰ ਬਣਾਉਣ ’ਤੇ ਵਿਚਾਰ ਕੀਤਾ ਜਾ ਸਕਦਾ ਹੈ। ਬ੍ਰਹਮਪੁਰਾ ਨੇ ਕਿਹਾ ਕਿ ਸੁਖਪਾਲ ਖਹਿਰਾ ਨੇ ਵੀ ‘ਆਪ’ ਨੂੰ ਗਠਜੋੜ ਵਿੱਚ ਸ਼ਾਮਲ ਕਰਨ ਲਈ ਹਾਮੀ ਭਰ ਦਿੱਤੀ ਹੈ।

ਉੱਧਰ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਨਜੀਤ ਸਿੰਘ ਬੈਂਸ ਨੇ ਖੁੱਲ੍ਹ ਕੇ ‘ਆਪ’ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਕਿਹਾ ਕਿ ਕੋਲਕਾਤਾ ਵਿੱਚ ਕਾਂਗਰਸ ਨਾਲ ਮੰਚ ਸਾਂਝਾ ਕਰਨ ਵਾਲੀ ‘ਆਪ’ ਨੂੰ ਗਠਜੋੜ ਵਿੱਚ ਸ਼ਾਮਲ ਨਹੀਂ ਕੀਤਾ ਜਾ ਸਕਦਾ। ਟਕਸਾਲੀ ਅਕਾਲੀ ਦਲ ਦੇ ਲੀਡਰ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਉਨ੍ਹਾਂ ‘ਆਪ’ ਨੂੰ ਗਠਜੋੜ ਵਿੱਚ ਸ਼ਾਮਲ ਕਰਨ ਦੀ ਗੱਲ ਕੀਤੀ ਸੀ ਪਰ ‘ਆਪ’ ਲੀਡਰ ਤੇ ਸਾਂਸਦ ਭਗਵੰਤ ਮਾਨ ਨੇ ਇਹ ਪੇਸ਼ਕਸ਼ ਠੁਕਰਾ ਦਿੱਤੀ ਸੀ।

Source:AbpSanjha