‘ਆਪ’ ਰਹੇਗੀ ਮਹਾਂਗੱਠਜੋੜ ਤੋਂ ਦੂਰ , ਖਹਿਰਾ ਤੇ ਬੈਂਸ ਨਾਲ ਗੱਠਜੋੜ ਸੰਭਵ ਨਹੀਂ

Bhagwant Mann ranjit singh brahmpura sukhpal khaira

ਅਕਾਲੀ ਦਲ-ਬੀਜੇਪੀ ਗੱਠਜੋੜ ਤੇ ਕਾਂਗਰਸ ਨੂੰ ਟੱਕਰ ਦੇਣ ਲਈ ਬਣ ਰਹੇ ਮਹਾਂਗੱਠਜੋੜ ਵਿੱਚ ਸ਼ਾਮਲ ਹੋਣ ਤੋਂ ਆਮ ਆਦਮੀ ਪਾਰਟੀ ਦੇ ਲੀਡਰ ਭਗਵੰਤ ਮਾਨ ਟਾਲਾ ਵੱਟ ਰਹੇ ਹਨ। ਉਨ੍ਹਾਂ ਨੂੰ ਪੰਜਾਬੀ ਏਕਤਾ ਪਾਰਟੀ ਤੇ ਲੋਕ ਇਨਸਾਫ਼ ਪਾਰਟੀ ਦਾ ਮਹਾਂਗੱਠਜੋੜ ਵਿੱਚ ਸ਼ਾਮਲ ਹੋਣਾ ਚੰਗਾ ਨਹੀਂ ਲੱਗ ਰਿਹਾ। ਦੂਜੇ ਪਾਸੇ ਇਹ ਦੋਵੇਂ ਪਾਰਟੀਆਂ ‘ਆਪ’ ਨੂੰ ਨਾਲ ਲੈ ਕੇ ਚੱਲ਼ਣ ਲਈ ਰਾਜ਼ੀ ਹਨ। ਇਹ ਗੱਲ਼ ਭਲਕੇ ਮਹਾਂਗੱਠਜੋੜ ਲਈ ਲੁਧਿਆਣਾ ਵਿੱਚ ਹੋਈ ਮੀਟਿੰਗ ਵਿੱਚ ਉੱਭਰ ਕੇ ਆਈ।

ਮੀਟਿੰਗ ਵਿੱਚ ਸ਼ਾਮਲ ਹੋਏ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਖੁਲਾਸਾ ਕੀਤਾ ਕਿ ‘ਆਪ’ ਲੀਡਰ ਭਗਵੰਤ ਮਾਨ ਨੂੰ ਫੋਨ ਕਰਕੇ ਗੱਠਜੋੜ ਲਈ ਸੱਦਾ ਦੇ ਦਿੱਤਾ ਸੀ, ਪਰ ਭਗਵੰਤ ਮਾਨ ਨੇ ਸਾਫ਼ ਆਖ ਦਿੱਤਾ ਕਿ ਸੁਖਪਾਲ ਖਹਿਰਾ ਤੇ ਸਿਮਰਜੀਤ ਬੈਂਸ ਨੂੰ ਜੇ ਬਾਹਰ ਕੀਤਾ ਜਾਵੇ ਤਾਂ ਹੀ ਗੱਲ ਅੱਗੇ ਵਧ ਸਕਦੀ ਹੈ।

ਇਸ ਤੋਂ ਤੈਅ ਹੈ ਕਿ ਆਮ ਆਦਮੀ ਪਾਰਟੀ ਮਹਾਂਗੱਠਜੋੜ ਤੋਂ ਦੂਰ ਰਹੇਗੀ। ਉਂਝ, ਅਕਾਲੀ ਦਲ (ਟਕਸਾਲੀ), ਪੰਜਾਬੀ ਏਕਤਾ ਪਾਰਟੀ, ਲੋਕ ਇਨਸਾਫ਼ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਵਿਚਾਲੇ ਗੱਠਜੋੜ ਹੋਣ ਦੀ ਉਮੀਦ ਬੱਝ ਗਈ ਹੈ। ਇਹ ਪਾਰਟੀਆਂ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਦੇ ਨਾਂ ਥੱਲੇ ਇਕੱਠੀਆਂ ਹੋ ਰਹੀਆਂ ਹਨ। ਹਾਸਲ ਜਾਣਕਾਰੀ ਮੁਤਾਬਕ ਬਸਪਾ ‘ਆਪ’ ਨਾਲ ਸਾਂਝ ਪਾਉਣ ਦੀ ਇੱਛੁਕ ਹੈ ਕਿਉਂਕਿ ਕੌਮੀ ਪੱਧਰ ’ਤੇ ਉਨ੍ਹਾਂ ਦਾ ਗੱਠਜੋੜ ਹੋ ਚੁੱਕਾ ਹੈ।

ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਗੱਠਜੋੜ ਵਿੱਚ ‘ਆਪ’ ਨੂੰ ਸ਼ਾਮਲ ਕਰਨ ’ਤੇ ਕੋਈ ਇਤਰਾਜ਼ ਨਹੀਂ ਕਿਉਂਕਿ ਮਾਮਲਾ ਪੰਜਾਬ ਨੂੰ ਬਚਾਉਣ ਦਾ ਹੈ, ਪਰ ਭਗਵੰਤ ਮਾਨ ਨੇ ਫੋਨ ’ਤੇ ਬ੍ਰਹਮਪੁਰਾ ਨੂੰ ਆਖ ਦਿੱਤਾ ਕਿ ਜੇਕਰ ਖਹਿਰਾ ਤੇ ਬੈਂਸ ਨਾਲ ਹਨ ਤਾਂ ਗੱਠਜੋੜ ਸੰਭਵ ਨਹੀਂ। ਉਧਰ, ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਗੱਠਜੋੜ ਵਿੱਚ ਸ਼ਾਮਲ ਹੋਣ ਲਈ ਸਾਰੀਆਂ ਧਿਰਾਂ ਦਾ ਸਵਾਗਤ ਹੈ, ਪਰ ਜਿਸ ਤਰ੍ਹਾਂ ਸ਼ਰਤਾਂ ਰੱਖੀਆਂ ਜਾ ਰਹੀਆਂ ਹਨ, ਉਸ ਤੋਂ ਲੱਗਦਾ ਹੈ ਕਿ ਕੁਝ ਲੋਕ ਪੰਜਾਬ ਦੀ ਭਲਾਈ ਨਹੀਂ ਚਾਹੁੰਦੇ।

Source:AbpSanjha