ਜੇਲ੍ਹ ’ਚੋਂ ਬਾਹਰ ਆਏ ਉਮਰਾਨੰਗਲ ਨੇ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਟੇਕਿਆ ਮੱਥਾ

umranangal

ਕੋਟਕਪੂਰਾ ਗੋਲ਼ੀਕਾਂਡ ਮਾਮਲੇ ਵਿੱਚ IG ਪਰਮਰਾਜ ਸਿੰਘ ਉਮਰਾਨੰਗਲ ਨੂੰ ਫ਼ਰੀਦਕੋਟ ਅਦਾਲਤ ਤੋਂ 50 ਹਜ਼ਾਰ ਦੇ ਨਿੱਜੀ ਮੁਚੱਲਕੇ ਤੇ ਪੱਕੀ ਜ਼ਮਾਨਤ ਮਿਲ ਗਈ ਹੈ। ਉਹ ਪਟਿਆਲਾ ਜੇਲ੍ਹ ਵਿੱਚੋਂ ਬਾਹਰ ਆ ਗਏ ਹਨ। ਜੇਲ੍ਹ ਵਿੱਚੋਂ ਬਾਹਰ ਨਿਕਲਦਿਆਂ ਉਨ੍ਹਾਂ ਸਭ ਤੋਂ ਪਹਿਲਾਂ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੌਕੇ ਉਨ੍ਹਾਂ ਮੀਡੀਆ ਤੋਂ ਦੂਰੀ ਬਣਾਈ ਰੱਖੀ ਤੇ ਕਿਸੇ ਵੀ ਸਵਾਲ ਦਾ ਜਵਾਬ ਦੇਣੋਂ ਟਾਲਾ ਵੱਟ ਲਿਆ। ਉੱਧਰ ਬਹਿਬਲ ਗੋਲੀ ਕਾਂਡ ਵਿੱਚ ਮਰਨ ਵਾਲੇ ਕ੍ਰਿਸ਼ਣ ਭਗਵਾਨ ਦੇ ਬੇਟੇ ਸੁਖਰਾਜ ਸਿੰਘ ਨੇ ਕਿਹਾ ਕਿ ਉਹ ਇਸ ਜ਼ਮਾਨਤ ਦੇ ਫੈਸਲੇ ਨੂੰ ਹਾਈਕੋਰਟ ਵਿੱਚ ਚੁਣੌਤੀ ਦੇਣਗੇ।

ਜ਼ਿਲ੍ਹਾ ਤੇ ਸ਼ੈਸ਼ਨ ਜੱਜ ਹਰਪਾਲ ਸਿੰਘ ਦੀ ਅਦਾਲਤ ਨੇ ਅੱਜ ਕੋਟਕਪੂਰਾ ਗੋਲੀਕਾਂਡ ਵਿੱਚ SIT ਵੱਲੋਂ ਗ੍ਰਿਫਤਾਰ ਕੀਤੇ ਗਏ IG ਪਰਮਰਾਜ ਸਿੰਘ ਉਮਰਾਨੰਗਲ ਦੀ ਜ਼ਮਾਨਤ ਅਰਜ਼ੀ ਨੂੰ ਮਨਜ਼ੂਰ ਕਰ ਉਨ੍ਹਾਂ ਨੂੰ ਜ਼ਮਾਨਤ ਦਿੱਤੀ। ਇਸ ਨਾਲ SIT ਨੂੰ ਸ਼ੈਸ਼ਨ ਕੋਰਟ ਫਰੀਦਕੋਟ ਵਲੋਂ ਵੱਡਾ ਝਟਕਾ ਲੱਗਾ ਹੈ। ਬੀਤੀ 6 ਮਾਰਚ ਨੂੰ ਉਮਰਾਨੰਗਲ ਦੀ ਜ਼ਮਾਨਤ ਅਰਜ਼ੀ ’ਤੇ ਬਹਿਸ ਮੁਕੰਮਲ ਹੋਈ ਸੀ ਜਿਸ ਮਗਰੋਂ ਅਦਾਲਤ ਨੇ ਫੈਸਲਾ ਅੱਜ ਤਕ ਲਈ ਸੁਰੱਖਿਅਤ ਰੱਖਿਆ ਸੀ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਤੇ ਹਰਿਆਣਾ ਹਾਈਕੋਰਟ ਕਿਸੇ ਹੋਰ ਮਾਮਲੇ ਵਿੱਚ ਸੰਭਾਵੀ ਗ੍ਰਿਫ਼ਤਾਰੀ ਦੇ ਡਰ ਤੋਂ ਉਮਰਾਨੰਗਲ ਵੱਲੋਂ ਦਾਖਲ ਕੀਤੀ ਗਈ ਅਰਜ਼ੀ ’ਤੇ ਬਲੈਂਕਿਟ ਬੇਲ ਦੇ ਚੁਕੀ ਹੈ। ਇਸ ਮੌਕੇ ਉਮਰਨੰਗਲ ਦੇ ਵਕੀਲ ਗੁਰਸਾਹਿਬ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਦੀ ਅਰਜ਼ੀ ’ਤ ਫੈਸਲਾ ਦਿੰਦਿਆਂ ਆਦਲਾਲ ਨੇ ਉਮਰਾਨੰਗਲ ਨੂੰ ਪੰਜਾਹ ਹਜ਼ਾਰ ਦੇ ਨਿੱਜੀ ਮੁਚੱਲਕੇ ‘ਤੇ ਜ਼ਮਾਨਤ ਦਿੱਤੀ।

ਇਹ ਵੀ ਪੜ੍ਹੋ : ਬਹਿਬਲ ਕਲਾਂ ਗੋਲ਼ੀਕਾਂਡ : ਚਰਨਜੀਤ ਸਿੰਘ ਸ਼ਰਮਾ ਨੂੰ ਨਹੀਂ ਮਿਲੀ ਰਾਹਤ , ਅਜੇ ਜੇਲ੍ਹ ‘ਚ ਹੀ ਰਹਿਣਾ ਪਏਗਾ

ਬਰਾੜ ਨੇ ਕਿਹਾ ਕਿ ਉਨ੍ਹਾਂ ਵੱਲੋਂ ਅਦਾਲਤ ਨੂੰ ਦਲੀਲ ਦਿੱਤੀ ਗਈ ਸੀ ਕਿ ਉਮਰਾਨੰਗਲ ਦੇ ਖਿਲਾਫ ਕਿਸੇ ਕਿਸਮ ਦਾ ਮਾਮਲਾ ਦਰਜ ਨਹੀਂ ਸੀ ਤੇ 2018 ਵਿੱਚ ਅਜੀਤ ਸਿੰਘ ਦੇ ਬਿਆਨ ’ਤੇ ਦਰਜ ਕੀਤਾ ਗਿਆ ਮਾਮਲਾ ਫ਼ਰਜ਼ੀ ਹੈ, ਕਿਉਂਕਿ ਤਿੰਨ ਸਾਲ ਬਾਅਦ ਇਹ ਮਾਮਲਾ ਦਰਜ ਹੋਇਆ ਹੈ। ਇਨ੍ਹਾਂ ਦਾ ਕੋਟਕਪੂਰਾ ਗੋਲੀਕਾਂਡ ਵਿੱਚ ਕਿਸੇ ਵੀ ਤਰ੍ਹਾਂ ਦਾ ਰੋਲ ਨਹੀ ਹੈ।

ਉੱਧਰ ਅਦਾਲਤ ਦੇ ਇਸ ਫੈਸਲੇ ਤੋਂ ਨਾਰਾਜ਼ ਸੁਖਰਾਜ ਸਿੰਘ (ਬਹਿਬਲ ਗੋਲੀ ਕਾਂਡ ਵਿੱਚ ਮਰਨ ਵਾਲੇ ਕ੍ਰਿਸ਼ਣ ਭਗਵਾਨ ਦੇ ਬੇਟੇ) ਨੇ ਕਿਹਾ ਕਿ ਅਦਾਲਤ ਦੁਆਰਾ ਉਮਰਾਨੰਗਲ ਦੀ ਜ਼ਮਾਨਤ ਦਾ ਫੈਸਲੇ ਕਿਸੇ ਦਬਾਅ ਦੇ ਚੱਲਦੇ ਹੀ ਕੀਤਾ ਗਿਆ ਹੈ। ਜੇ ਉਮਰਾਨੰਗਲ ਨੂੰ ਜ਼ਮਾਨਤ ਹੀ ਦੇਣੀ ਸੀ ਤਾਂ ਪਹਿਲਾਂ ਦਿਨ ਹੀ ਦੇ ਦਿੰਦੇ। ਇੰਨੇ ਦਿਨ ਫੈਸਲਾ ਕਿਉਂ ਲਟਕਾਇਆ। ਉਨ੍ਹਾਂ ਕਿਹਾ ਕਿ ਭਾਵੇਂ SIT ਵੱਲੋਂ ਠੀਕ ਕਾਰਵਾਈ ਕੀਤੀ ਜਾ ਰਹੀ ਸੀ ਪਰ ਹੁਣ ਲੱਗਦਾ ਹੈ ਕਿ ਸਰਕਾਰ ਦੀ ਮਿਲੀ ਭੁਗਤ ਦੇ ਚੱਲਦੇ ਹੀ ਇਨ੍ਹਾਂ ਖਿਲਾਫ ਕਾਰਵਾਈ ਨਹੀਂ ਕੀਤੀ ਜਾਏਗੀ।

Source:AbpSanjha