ਡਾ. ਮਨਮੋਹਨ ਸਿੰਘ ਦੇ ਹੱਕ ‘ਚ ਡਟੇ ਕੈਪਟਨ, ਬੀਜੇਪੀ ਨੂੰ ਸੁਣਾਈਆਂ ਖਰੀਆਂ-ਖਰੀਆਂ

cm amrinder singh

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਬਾਰੇ ਫਿਲਮ ‘ਦ ਐਕਸੀਡੈਂਟਲ ਪ੍ਰਾਈਮ ਮਨਿਸਟਰ’ ਨੂੰ ਲੈ ਕੇ ਬੀਜੇਪੀ ‘ਤੇ ਤਿੱਖਾ ਵਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਫਿਲਮ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਢਾਹ ਲਾਉਣ ਦਾ ਸਿਰਫ ਸਿਆਸੀ ਸਟੰਟ ਹੈ। ਕੈਪਟਨ ਨੇ ਕਿਹਾ ਕਿ ਫਿਲਮ ਨੂੰ ਵਰਤੇ ਜਾਣ ਦੀਆਂ ਬੀਜੇਪੀ ਦੀਆਂ ਕੋਸ਼ਿਸ਼ਾਂ ਨਾ ਕੇਵਲ ਬਚਕਾਨਾ ਸਗੋਂ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਬੇਸ਼ਰਮੀ ਭਰੀਆਂ ਹਨ। ਉਨ੍ਹਾਂ ਕਿਹਾ ਕਿ ਇਸ ਫਿਲਮ ਵਿੱਚ ਡਾ. ਮਨਮੋਹਨ ਸਿੰਘ ਨੂੰ ਕਮਜ਼ੋਰ ਤੇ ਦੱਬੂ ਪ੍ਰਧਾਨ ਮੰਤਰੀ ਵਜੋਂ ਪੇਸ਼ ਕੀਤਾ ਗਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਇਸ ਫਿਲਮ ਦਾ ਹਾਲ ਹੀ ਵਿੱਚ ਟ੍ਰੇਲਰ ਜਾਰੀ ਕਰਕੇ ਇਸ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਨੂੰ ਪਾਰਟੀ ਦੇ ਓਫੀਸ਼ੀਅਲ ਟਵਿਟਰ ਹੈਂਡਲ ਤੋਂ ਟਵੀਟ ਕੀਤਾ ਗਿਆ ਹੈ। ਇਸ ਨੂੰ ਬੀਜੇਪੀ ਦੇ ਬਹੁਤ ਸਾਰੇ ਆਗੂਆਂ ਵੱਲੋਂ ਸੋਸ਼ਲ ਮੀਡੀਆ ‘ਤੇ ਉਭਾਰਿਆ ਗਿਆ ਹੈ ਜਿਸ ਵਿੱਚ ਮਹੱਤਵਪੂਰਨ ਸਿਆਸੀ ਮੌਕਿਆਂ ‘ਤੇ ਡਾ. ਮਨਮੋਹਨ ਸਿੰਘ ਦੀ ਆਲੋਚਨਾ ਕੀਤੀ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਆਪਣੀ ਹੋਣ ਵਾਲੀ ਪੱਕੀ ਹਾਰ ਦੇ ਸੰਦਰਭ ਵਿੱਚ ਬੀਜੇਪੀ ਦੀ ਇਹ ਨਿਰਾਸ਼ਾ ਭਰੀ ਬੁਖਲਾਹਟ ਦਾ ਪ੍ਰਗਟਾਵਾ ਹੈ।

ਉਨ੍ਹਾਂ ਬੀਜੇਪੀ ਆਗੂਆਂ ਨੂੰ ਲੋਕਾਂ ਦਾ ਸਮਰਥਨ ਗੁਆ ਚੁੱਕੇ ਹੋਣ ਦੀ ਕੌੜੀ ਸੱਚਾਈ ਪ੍ਰਵਾਨ ਕਰਨ ਲਈ ਆਖਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇੱਥੋਂ ਤੱਕ ਡਾ. ਮਨਮੋਹਨ ਸਿੰਘ ਦੇ ਤਿੱਖੇ ਆਲੋਚਕਾਂ ਨੂੰ ਵੀ ਉਨ੍ਹਾਂ ਦਾ ਕੋਈ ਵੀ ਔਗੁਣ ਨਹੀਂ ਲੱਭਾ ਜਦਕਿ ਭਾਰਤੀ ਜਨਤਾ ਪਾਰਟੀ ਅਗਲੇ ਮਹੀਨੇ ਰਿਲੀਜ਼ ਹੋਣ ਵਾਲੀ ਇਸ ਫਿਲਮ ਨੂੰ ਵਰਤ ਰਹੀ ਹੈ। ਇਸ ਦਾ ਉਦੇਸ਼ ਆਉਂਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਨੂੰ ਢਾਹ ਲਾਉਣਾ ਹੈ।

ਉਨ੍ਹਾਂ ਕਿਹਾ ਕਿ ਉਹ ਡਾ. ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਹੋਣ ਦੇ ਸਮੇਂ ਦੌਰਾਨ ਉਨ੍ਹਾਂ ਨੂੰ ਅਨੇਕਾਂ ਵਾਰ ਮਿਲੇ ਜੋ ਕਿ ਇੱਕ ਮਹਾਨ ਅਰਥਸ਼ਾਸਤਰੀ, ਆਜ਼ਾਦ ਸੋਚ ਵਾਲੇ ਤੇ ਫੈਸਲਾ ਲੈਣ ਵਾਲੇ ਵਿਅਕਤੀ ਹਨ ਜਿਨ੍ਹਾਂ ਨੇ ਆਪਣੇ ਆਪ ਨੂੰ ਭਾਰਤ ਦੇ ਸਭ ਤੋਂ ਵੱਧ ਬੁੱਧੀਮਾਨ ਤੇ ਦੂਰਦ੍ਰਿਸ਼ਟੀ ਵਾਲੇ ਵਿਅਕਤੀ ਵਜੋਂ ਸਥਾਪਤ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਤੋਂ ਡਾ. ਮਨਮੋਹਨ ਸਿੰਘ ਨੂੰ ਪ੍ਰਾਪਤ ਹੋਈ ਪੂਰਨ ਆਜ਼ਾਦੀ ਦੇ ਨਿੱਜੀ ਤੌਰ ‘ਤੇ ਗਵਾਹ ਹਨ। ਉਨ੍ਹਾਂ ਕਿਹਾ ਕਿ ਸੋਨੀਆਂ ਗਾਂਧੀ ਸਰਕਾਰ ਦੇ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਕਰਨ ਵਿੱਚ ਵਿਸ਼ਵਾਸ ਨਹੀਂ ਰੱਖਦੇ ਸਨ।

Source:AbpSanjha