ਪੰਜਾਬ-ਹਰਿਆਣਾ ’ਚ ਠੰਢ ਕੱਢੇ ਵੱਟ, ਜ਼ੀਰੋ ਨੇੜੇ ਪਹੁੰਚਿਆ ਪਾਰਾ

winter in punjab and haryana

ਚੰਡੀਗੜ੍ਹ: ਪੰਜਾਬ ਤੇ ਗੁਆਂਢੀ ਸੂਬੇ ਹਰਿਆਣਾ ਵਿੱਚ ਪੈ ਰਹੀ ਠੰਢ ਨਾਲ ਲੋਕ ਪ੍ਰੇਸ਼ਾਨ ਹਨ। ਐਤਵਾਰ ਨੂੰ ਪੰਜਾਬ ਵਿੱਚ ਠੰਢ ਦਾ ਜ਼ੋਰ ਵਧ ਗਿਆ। ਹਰਿਆਣਾ ਦੇ ਹਿਸਾਰ ਵਿੱਚ ਪਾਰਾ 1.6 ਡਿਗਰੀ ਸੈਲਸੀਅਸ ਰਿਹਾ ਜੋ ਆਮ ਨਾਲੋਂ ਪੰਜ ਡਿਗਰੀ ਹੇਠਾਂ ਹੈ। ਇਹ ਦੋਵਾਂ ਸੂਬਿਆਂ ਵਿੱਚ ਸਭ ਤੋਂ ਠੰਢਾ ਸਥਾਨ ਰਿਹਾ।

ਪੰਜਾਬ ਦਾ ਗੁਰਦਾਸਪੁਰ ਸਭ ਤੋਂ ਠੰਢਾ ਜ਼ਿਲ੍ਹਾ ਰਿਹਾ ਜਿੱਥੇ ਘੱਟ ਤੋਂ ਘੱਟ ਪਾਰਾ 2.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਲੁਧਿਆਣਾ ਦਾ ਤਾਪਮਾਨ ਵੀ 2.8 ਡਿਗਰੀ ਸੈਲਸੀਅਸ ਦਰਜ ਹੋਇਆ। ਪਟਿਆਲਾ ਦਾ ਘੱਟ ਤੋਂ ਘੱਟ ਤਾਪਮਾਨ 3.4 ਡਿਗਰੀ ਸੈਲਸੀਅਸ ਰਿਹਾ ਜੋ ਆਮ ਦੇ ਮੁਕਾਬਲੇ ਤਿੰਨ ਡਿਗਰੀ ਘੱਟ ਸੀ। ਸ਼ਨੀਵਾਰ ਨੂੰ ਜ਼ੀਰੋ ਡਿਗਰੀ ਤਾਪਮਾਨ ਨਾਲ ਆਦਮਪੁਰ ਸੂਬੇ ਦਾ ਸਭ ਤੋਂ ਠੰਢਾ ਸ਼ਹਿਰ ਰਿਹਾ। ਅੰਮ੍ਰਿਤਸਰ ਤੇ ਪਠਾਨਕੋਟ ਦਾ ਘੱਟੋ-ਘੱਟ ਤਾਪਮਾਨ 5.9 ਡਿਗਰੀ ਤੇ 5.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਮੌਸਮ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਕਰਨਾਲ ਵਿੱਚ ਵੀ ਪਾਰਾ 2 ਡਿਗਰੀ ਸੈਲਸੀਅਸ ’ਤੇ ਰਿਕਾਰਡ ਕੀਤਾ ਗਿਆ ਜੋ ਆਮ ਨਾਲੋਂ ਤਿੰਨ ਡਿਗਰੀ ਘੱਟ ਹੈ। ਨਰਨੌਲ ਤੇ ਰੋਹਤਕ ਵਿੱਚ ਵੀ ਘੱਟੋ-ਘੱਟ ਤਾਪਮਾਨ ਆਮ ਨਾਲੋਂ 3 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ।

ਅੰਬਾਲਾ ਤੇ ਸਿਰਸਾ ਵੀ ਕ੍ਰਮਵਾਰ 4.4 ਤੇ 4.6 ਡਿਗਰੀ ਦਰਜ ਕੀਤੇ ਗਏ। ਦੋਵੇਂ ਸੂਬਿਆਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿੱਚ ਆਮ ਨਾਲੋਂ 2 ਘੱਟ, 4 ਡਿਗਰੀ ਸੈਲਸੀਅਸ ਪਾਰਾ ਰਿਕਾਰਡ ਕੀਤਾ ਗਿਆ।

Source:AbpSanjha