‘ਕਰਤਾਰਪੁਰ ਲਾਂਘੇ ਦੇ ਕ੍ਰੈਡਿਟ ਲਈ ਸਿਰਫ ਬੀਜੇਪੀ ਤੇ ਮੋਦੀ ਹੱਕਦਾਰ’

credit of kartarpur

ਗੁਰਦਾਸਪੁਰ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਗੁਰਦਾਸਪੁਰ ਗੇੜੀ ਦੇ ਨਾਲ ਹੀ ਕਰਤਾਰਪੁਰ ਲਾਂਘੇ ਦਾ ਸਿਹਰ ਲੈਣ ਦੀ ਦੌੜ ਫਿਰ ਸ਼ੁਰੂ ਹੋ ਗਈ ਹੈ। ਬੇਜੀਪੀ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਨੇ ਰੈਲੀ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਰਤਾਰਪੁਰ ਕੌਰੀਡੋਰ ‘ਤੇ ਕ੍ਰੈਡਿਟ ਬੀਜੇਪੀ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਹੀ ਬਣਦਾ ਹੈ। ਉਨ੍ਹਾਂ ਕਿਹਾ ਕਿ ਹੋਰ ਕਿਸੇ ਨੂੰ ਕ੍ਰੈਡਿਟ ਨਹੀਂ ਮਿਲੇਗਾ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਇਸ ਦਾ ਕ੍ਰੈਡਿਟ ਲੈਣਾ ਚਾਹੁੰਦੀ ਸੀ ਤਾਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਇਸ ਬਾਰੇ ਕੰਮ ਕਰਨਾ ਚਾਹੀਦਾ ਸੀ।

ਸ਼ਵੇਤ ਮਲਿਕ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਰੈਲੀ ਵਿੱਚ ਨਹੀਂ ਆ ਰਹੇ ਕਿਉਂਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ ਪਰ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਇੱਥੇ ਪੁੱਜੇਗੀ। ਮਲਿਕ ਨੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਨੀਲ ਜਾਖੜ ‘ਤੇ ਵੀ ਹਮਲਾ ਕੀਤਾ ਤੇ ਕਿਹਾ ਕਿ ਜਾਖੜ ਗੁਰਦਾਸਪੁਰ ਹਲਕੇ ਦਾ ਭਗੌੜਾ ਹੈ ਤੇ ਉਸ ਨੂੰ ਜਵਾਬ ਦੇਣਾ ਚਾਹੀਦਾ ਹੈ।

ਪੰਜਾਬ ਦੇ ਕਿਸਾਨਾਂ ਨਾਲ ਧੋਖਾ ਕਰਨ ਦਾ ਇਲਜ਼ਾਮ ਲਾਉਂਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਕਿਸਾਨਾਂ ਦਾ ਕੋਈ ਕਰਜ਼ਾ ਮੁਆਫ਼ ਨਹੀਂ ਕੀਤਾ। ਪੰਜਾਬ ਵਿੱਚ ਕਾਂਗਰਸ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਜੋ ਵਾਅਦੇ ਕੀਤੇ ਸੀ, ਸੱਤਾ ਵਿੱਚ ਆਉਣ ਤੋਂ ਬਾਅਦ ਇੱਕ ਵੀ ਪੂਰਾ ਨਹੀਂ ਕੀਤਾ।

ਕਰਤਾਰਪੁਰ ਲਾਂਘੇ ‘ਤੇ ਮਲਿਕ ਨੇ ਕਿਹਾ ਕਿ ਨਵਜੋਤ ਸਿੱਧੂ ਬਾਰੇ ਉਹ ਕੋਈ ਗੱਲ ਨਹੀਂ ਕਹਿਣਾ ਚਾਹੁੰਦੇ। ਸਿੱਧੂ ਪੈਸੇ ਲੈ ਕੇ ਕੰਮ ਕਰਦੇ ਹਨ। ਅੱਜ ਉਹ ਜਿਸ ਪਾਰਟੀ ਦੀ ਗੱਲ ਕਰ ਰਹੇ ਹਨ ਹੋ ਸਕਦਾ ਹੈ ਕੱਲ੍ਹ ਕਿਸੇ ਹੋਰ ਪਾਰਟੀ ਦੀ ਗੱਲ ਕਰਨ। ਇਹ ਵੀ ਹੋ ਸਕਦਾ ਹੈ ਕਿ ਪਾਕਿਸਤਾਨ ਦੇ ਫੌਜੀ ਜਰਨੈਲ ਕਮਲ ਜਾਵੇਦ ਬਾਜਵਾ ਦੇ ਪੈਰੀਂ ਪੈ ਜਾਣ।

Source:AbpSanjha