ਹਰਵਿੰਦਰ ਸਿੰਘ ਫੂਲਕਾ ਦਾ ਅਸਤੀਫ਼ਾ ਮਨਜ਼ੂਰ, ਵਿਧਾਇਕੀ ਖੁੱਸੀ

punjab vidhan sabha accepts resignation of h.s.phoolka

ਪੰਜਾਬ ਵਿਚ ਹਰ ਰੋਜ਼ ਕਿਸੇ ਨਾ ਕਿਸੇ ਮੁੱਦੇ ਤੇ ਬਹਿਸ ਹੁੰਦੀ ਰਹਿੰਦੀ ਹੈ ਜਿਸ ਕਰਕੇ ਸਿਆਸਤਦਾਨਾਂ ਦੇ ਅਸਤੀਫਿਆਂ ਦੀ ਝੜੀ ਲੱਗੀ ਰਹਿੰਦੀ ਹੈ। ਪੰਜਾਬ ਦੇ ਦਾਖਾ ਤੋਂ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਦਾ ਅਸਤੀਫ਼ਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਪ੍ਰਵਾਨ ਕਰ ਲਿਆ ਹੈ। ਇਸ ਦੇ ਨਾਲ ਹੀ ਹਰਵਿੰਦਰ ਸਿੰਘ ਫੂਲਕਾ ਹੁਣ ਪੰਜਾਬ ਵਿਧਾਨ ਸਭਾ ਦਾ ਹਿੱਸਾ ਨਹੀਂ ਰਹੇ।

ਦੱਸ ਦੇਈਏ ਹਰਵਿੰਦਰ ਸਿੰਘ ਫੂਲਕਾ ਨੇ ਸਾਲ 2018 ਦੇ ਅਕਤੂਬਰ ਮਹੀਨੇ ਦੌਰਾਨ ਉਹਨਾਂ ਇਹ ਕਹਿ ਕੇ ਵਿਧਾਨ ਸਭਾ ਤੋਂ ਅਸਤੀਫ਼ਾ ਦੇ ਦਿੱਤਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਬੇਅਦਬੀ ਗੋਲ਼ੀਕਾਂਡ ਸਬੰਧੀ ਕੀਤੇ ਵਾਅਦਿਆਂ ਤੋਂ ਮੁੱਕਰ ਗਈ ਹੈ। ਉਹ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਵਿੱਚ ਸ਼ਾਮਲ ਵੀ ਹੋਏ ਸਨ, ਪਰ ਇਸ ਤੋਂ ਬਾਅਦ ਉਨ੍ਹਾਂ ਇਸੇ ਹਫ਼ਤੇ ਖ਼ਤਮ ਹੋਏ ਮਾਨਸੂਨ ਸੈਸ਼ਨ ਵਿੱਚ ਹਿੱਸਾ ਨਹੀਂ ਲਿਆ।

ਇਸ ਤੋਂ ਪਹਿਲਾਂ ਹਰਵਿੰਦਰ ਸਿੰਘ ਫੂਲਕਾ ਚੁਰਾਸੀ ਕਤਲੇਆਮ ਦੇ ਕੇਸਾਂ ਦੀ ਪੈਰਵੀ ਕਰਨ ਦੀ ਗੱਲ ਕਹਿ ਕੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਦਾ ਅਹੁਦਾ ਵੀ ਛੱਡਿਆ ਸੀ। ਸਾਲ 2019 ਵਿੱਚ ਤਿੰਨ ਜਨਵਰੀ ਨੂੰ ਉਨ੍ਹਾਂ ਆਮ ਆਦਮੀ ਪਾਰਟੀ ਵੀ ਛੱਡ ਦਿੱਤੀ ਸੀ। ਸਾਰੀਆਂ ਸਿਆਸੀ ਗਤੀਵਿਧੀਆਂ ਤਿਆਗ ਕੇ ਫੂਲਕਾ ਨੇ ਕੁਝ ਸਮਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸੁਧਾਰ ਲਿਆਉਣ ਦਾ ਐਲਾਨ ਵੀ ਕੀਤਾ ਸੀ, ਪਰ ਅੱਜ-ਕੱਲ੍ਹ ਉਹ ਘੱਟ ਹੀ ਸਰਗਰਮ ਦਿਖਾਈ ਦਿੰਦੇ ਹਨ।

ਆਮ ਆਦਮੀ ਪਾਰਟੀ ਦੇ ਫੂਲਕਾ ਅਜਿਹੇ ਇਕੱਲੇ ਵਿਧਾਇਕ ਨਹੀਂ ਹਨ, ਜੋ ਅਸਤੀਫ਼ਾ ਦੇ ਚੁੱਕੇ ਹੋਣ। ਉਨ੍ਹਾਂ ਤੋਂ ਇਲਾਵਾ ‘ਆਪ’ ਦੇ ਬਗਾਵਤੀ ਵਿਧਾਇਕ ਸੁਖਪਾਲ ਖਹਿਰਾ, ਮਾਸਟਰ ਬਲਦੇਵ ਸਿੰਘ, ਅਮਰਜੀਤ ਸਿੰਘ ਸੰਦੋਆ ਅਤੇ ਨਾਜਰ ਸਿੰਘ ਮਾਨਸ਼ਾਹੀਆ ਦੇ ਅਸਤੀਫੇ ‘ਤੇ ਸਪੀਕਰ ਵੱਲੋਂ ਫੈਸਲਾ ਲੈਣਾ ਹਾਲੇ ਬਾਕੀ ਹੈ।

 

Source: ABP Sanjha