ਪੰਜਾਬ ਪਾਵਰਕਾਮ ਨੂੰ ਸੂਬਾ ਸਰਕਾਰ ਦਾ ਨਵਾਂ ਫਰਮਾਨ , ਜੀਓ ਸਿਮ ਵਰਤਣ ਦੇ ਹੁਕਮਾਂ ਦੇ ਇਸ਼ਾਰੇ ਨੂੰ ਕੀ ਸਮਝੀਏ ?

Punjab Powercom to be given new state government mandate

ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 104 ਦਿਨ ਹੈ। ਕਿਸਾਨ ਲਗਾਤਾਰ ਦਿੱਲੀ ਦੀਆ ਸਰਹੱਦਾਂ ‘ਤੇ ਡਟੇ ਹੋਏ ਹਨ, ਅਤੇ 3 ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਅਤੇ MSP ‘ਤੇ ਕਾਨੂੰਨ ਬਣਾਉਣ ਦੀ ਮੰਗ ਕਰ ਰਹੇ ਹਨ। ਇਸ ਅੰਦੋਲਨ ਦੇ ਦੌਰਾਨ ਹੀ ਕਿਸਾਨਾਂ ਨੇ ਕਾਰਪੋਰੇਟ ਘਰਾਣਿਆਂ ਵਿਰੁੱਧ ਵੀ ਖੁਲ੍ਹੇਆਮ ਮੋਰਚਾ ਖੋਲ੍ਹਿਆ ਹੋਇਆ ਹੈ। ਕਿਸਾਨਾਂ ਨੇ ਰਿਲਾਇੰਸ ਕੰਪਨੀ ਦੇ ਉਤਪਾਦਾਂ ਅਤੇ ਜੀਓ ਸਿਮਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਸੀ।

ਜਿਸ ਤੋਂ ਬਾਅਦ ਕਿਸਾਨਾਂ ਦੀ ਇਸ ਅਪੀਲ ‘ਤੇ ਲੱਖਾਂ ਲੋਕਾਂ ਨੇ ਇਨ੍ਹਾਂ ਉਤਪਾਦਾਂ ਦਾ ਬਾਈਕਾਟ ਕੀਤਾ ਸੀ। ਕਿਸਾਨਾਂ ਨੇ ਇਹ ਐਲਾਨ ਇਸ ਲਈ ਕੀਤਾ ਹੈ ਤਾਂ ਕਿ ਇਨ੍ਹਾਂ ਵੱਡੇ ਘਰਾਣਿਆਂ ਨੂੰ ਵਿੱਤੀ ਤੌਰ ‘ਤੇ ਝੱਟਕਾ ਦਿੱਤਾ ਜਾ ਸਕੇ। ਖੇਤੀ ਕਾਨੂੰਨਾਂ ਦੇ ਵਿਰੋਧ ’ਚ ਕਿਸਾਨ ਜਥੇਬੰਦੀਆਂ ਨੇ ਪੰਜਾਬ ਦੇ ਕਈ ਸ਼ਹਿਰਾਂ ’ਚ ਜੀਓ ਦੇ ਟਾਵਰ ਵੀ ਬੰਦ ਕੀਤੇ ਸੀ।

ਪਰ ਉਥੇ ਹੀ ਪੰਜਾਬ ਦੇ ਪਾਵਰਕੌਮ ਮਿਹਕਮੇ ਦੇ ਮੁਲਾਜ਼ਮਾਂ ਨੂੰ ਰਿਲਾਇੰਸ ਜੀਓ ਦੇ ਸਿੰਮ ਜਾਰੀ ਕੀਤੇ ਗਏ ਹਨ, ਅਤੇ ਮੁਲਾਜ਼ਮਾਂ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਕਿਸੇ ਹੋਰ ਕੰਪਨੀ ਦੀ ਥਾਂ ‘ਤੇ ਜੀਓ ਨੇ ਨੰਬਰ ਹੀ ਵਰਤੇ ਜਾਣ । ਮਿਲੀ ਜਾਣਕਾਰੀ ਮੁਤਾਬਕ ਪਾਵਰਕੌਮ ਵੱਲੋਂ ਬਕਾਇਦਾ ਇਸ ਬਾਰੇ ਪੱਤਰ ਵੀ ਜਾਰੀ ਕੀਤਾ ਗਿਆ ਹੈ, ਜਿਸ ‘ਚ ਮੁਲਾਜ਼ਮਾਂ ਨੂੰ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਹੁਣ ਵੋਡਾਫੋਨ ਦੀ ਥਾਂ ਜੀਓ ਦੀਆਂ ਸਿੰਮਾਂ ਜਾਰੀ ਕੀਤੀ ਜਾਣਗੀਆਂ।

ਵਿਭਾਗ ਵੱਲੋਂ ਸਾਰੇ ਹਲਕਿਆਂ ਅਧੀਨ ਹੁਣ ਤੱਕ ਜਾਰੀ ਹੋਏ ਵੋਡਾਫੋਨ ਮੋਬਾਈਲ ਸਿੰਮ ਕਾਰਡਾਂ ਬਾਰੇ ਸੂਚਨਾ ਤਿਆਰ ਕਰਕੇ ਅੱਜ ਦੁਪਹਿਰ 3 ਵਜੇ ਤੱਕ ਹਰ ਹਾਲਤ ‘ਚ ਭੇਜਣ ਲਈ ਕਿਹਾ ਗਿਆ ਸੀ। ਜਾਣਕਾਰੀ ਅਨੁਸਾਰ ਪੀ. ਐਸ. ਪੀ. ਸੀ. ਐੱਲ. ਵਿਚ ਹੁਣ ਤਕ ਆਈਡੀਆ, ਵੋਡਾਫੋਨ ਦੇ ਮੋਬਾਇਲ ਕੁਨੈਕਸ਼ਨ ਚੱਲ ਰਹੇ ਸਨ ਪਰ ਸਰਕਾਰ ਨੇ ਹੁਣ ਤਕ ਇਨ੍ਹਾਂ ਸਾਰੇ ਸਿੰਮਾਂ ਨੂੰ ਜੀਓ ਵਿਚ ਪੋਰਟ ਕਰਨ ਦੀ ਤਿਆਰੀ ਕਰ ਲਈ ਹੈ।

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉਚ ਮੁੱਖ ਇੰਜੀਨੀਅਰ/ਹੈਡ ਪ੍ਰਬੰਧਕ ਜਲੰਧਰ ਵੱਲੋਂ ਸੂਬੇ ਦੇ ਸਮੂਹ ਉਪ ਮੁੱਖ ਇੰਜੀਨੀਅਰਾਂ ਤੇ ਨਿਗਰਾਨ ਇੰਜੀਨੀਅਰਾਂ ਨੂੰ ਇਕ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ|  ਜਿਸ ਵਿਚ ਸਾਫ਼-ਸਾਫ਼ ਕਿਹਾ ਗਿਆ ਹੈ ਕਿ ਵਿਭਾਗ ਵਿਚ ਕੰਮ ਕਰਦੇ ਅਧਿਕਾਰੀਆਂ ਤੇ ਕਰਮਚਾਰੀਆਂ, ਜਿਨ੍ਹਾਂ ਕੋਲ ਵੋਡਾਫੋਨ ਕੰਪਨੀ ਦੇ ਸਿੰਮ ਹਨ, ਉਹ ਲਿਸਟ ਤਿਆਰ ਕਰਕੇ ਵਿਭਾਗ ਨੂੰ ਭੇਜਣ, ਤਾਂ ਜੋ ਵੋਡਾਫੋਨ ਕੰਪਨੀ ਦੀ ਜਗ੍ਹਾ ਅਜਿਹੇ ਅਧਿਕਾਰੀਆਂ, ਕਰਮਚਾਰੀਆਂ ਨੂੰ ਰਿਲਾਇੰਸ ਜੀਓ ਦੇ ਮੋਬਾਇਲ ਨੰਬਰ ਮੁਹੱਈਆ ਕਰਾਏ ਜਾ ਸਕਣ। ਵਿਭਾਗ ਵੱਲੋਂ ਹੇਠਲੇ ਦਫ਼ਤਰਾਂ ਨੂੰ ਮੋਬਾਇਲ ਸਿੰਮ ਕਾਰਡਾਂ ਦੀ ਡਿਟੇਲ ਭੇਜਣ ਲਈ ਹਦਾਇਤ ਜਾਰੀ ਕੀਤੀ ਗਈ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ