ਪੰਚਾਇਤੀ ਚੋਣਾਂ: ਹਾਈਕੋਰਟ ਦੇ ਹੁਕਮਾਂ ਮਗਰੋਂ ਨਾਮਜ਼ਦਗੀਆਂ ਮੁੜ ਵਿਚਾਰਨ ਲਈ ਆਏ ਉਮੀਦਵਾਰਾਂ ਸਾਹਮਣੇ ਨਵੀਂ ਮੁਸੀਬਤ

 

ਅੰਮ੍ਰਿਤਸਰ: ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਦਿੱਤੇ ਹੁਕਮਾਂ ਦੇ ਬਾਵਜੂਦ ਪੰਚਾਇਤੀ ਚੋਣਾਂ ਲੜਨ ਦੇ ਚਾਹਵਾਨ ਹਾਲੇ ਵੀ ਆਪਣੀਆਂ ਰੱਦ ਹੋਈਆਂ ਨਾਮਜ਼ਦਗੀਆਂ ਨੂੰ ਬਹਾਲ ਕਰਵਾਉਣ ਵਿੱਚ ਅਸਫਲ ਹੋ ਰਹੇ ਹਨ। ਉਮੀਦਵਾਰਾਂ ਨੂੰ ਆਪਣੇ ਰੱਦ ਹੋਏ ਕਾਗ਼ਜ਼ ਮੁੜ ਵਿਚਾਰਨ ਲਈ ਨਵੀਂ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚੋਣ ਅਧਿਕਾਰੀਆਂ ਮੁਤਾਬਕ ਬੇਸ਼ੱਕ ਅਦਾਲਤ ਨੇ ਫੈਸਲਾ ਸੁਣਾ ਦਿੱਤਾ ਹੈ, ਪਰ ਹਾਲੇ ਤਕ ਚੋਣ ਕਮਿਸ਼ਨ ਵੱਲੋਂ ਉਨ੍ਹਾਂ ਨੂੰ ਕੋਈ ਵੀ ਦਿਸ਼ਾ-ਨਿਰਦੇਸ਼ ਪ੍ਰਾਪਤ ਨਹੀਂ ਹੋਏ।

ਦਰਅਸਲ, ਬੀਤੇ ਕੱਲ੍ਹ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਦੇ ਜਸਟਿਸ ਫ਼ਤਹਿ ਦੀਪ ਸਿੰਘ ਦੀ ਅਗਵਾਈ ਵਾਲੇ ਬੈਂਚ ਨੇ ਪੰਚਾਇਤੀ ਚੋਣਾਂ ਸਬੰਧੀ ਨਾਮਜ਼ਦਗੀ ਪੱਤਰ ਰੱਦ ਹੋਏ ਉਮੀਦਵਾਰਾਂ ਦੇ ਕਾਗ਼ਜ਼ਾਂ ਨੂੰ ਦੁਬਾਰਾ ਵਾਚਣ ਦੇ ਜੋ ਹੁਕਮ ਦਿੱਤੇ ਸਨ, ਉਹ ਹਾਲੇ ਤਕ ਜ਼ਿਲ੍ਹਾ ਹੈੱਡਕੁਆਰਟਰਾਂ ਤਕ ਨਹੀਂ ਪਹੁੰਚੇ। ਅੰਮ੍ਰਿਤਸਰ ਜ਼ਿਲ੍ਹੇ ਦੇ ਚੋਣ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਲੇ ਤਕ ਉਨ੍ਹਾਂ ਕੋਲ ਨਾ ਤਾਂ ਹਾਈਕੋਰਟ ਦੇ ਕੋਈ ਹੁਕਮ ਪੁੱਜੇ ਹਨ ਤੇ ਨਾ ਹੀ ਚੋਣ ਕਮਿਸ਼ਨ ਵੱਲੋਂ ਕੋਈ ਨਿਰਦੇਸ਼ ਮਿਲੇ ਹਨ।

ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਕਮਲਜੀਤ ਸਿੰਘ ਸੰਘਾ ਨੇ ਦੱਸਿਆ ਕਿ ਹਾਈਕੋਰਟ ਦੇ ਹੁਕਮ ਪੁੱਜਣ ਤੋਂ ਬਾਅਦ ਹੀ ਕੋਈ ਅਗਲੀ ਕਾਰਵਾਈ ਹੋ ਸਕੇਗੀ। ਬੀਤੇ ਕੱਲ੍ਹ ਹਾਈਕੋਰਟ ਨੇ ਹੁਕਮ ਦਿੱਤੇ ਸਨ ਕਿ ਜਿਨ੍ਹਾਂ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਹੋਏ ਹਨ, ਉਹ ਸਬੰਧਰ ਚੋਣ ਅਧਿਕਾਰੀਆਂ ਕੋਲ ਮੁੜ ਅਪੀਲ ਕਰਨ ਅਤੇ ਉਨ੍ਹਾਂ ਦੇ ਕਾਗ਼ਜ਼ਾਂ ਨੂੰ 48 ਘੰਟਿਆਂ ਦੇ ਅੰਦਰ-ਅੰਦਰ ਮੁੜ ਤੋਂ ਘੋਖ ਕੇ ਆਖ਼ਰੀ ਫੈਸਲਾ ਦਿੱਤਾ ਜਾਵੇ।