ਕੋਹਰੇ ਨੇ ਲਾਈ ਜਹਾਜ਼ਾਂ ਤੇ ਰੇਲਾਂ ਨੂੰ ਬ੍ਰੇਕ, ਠੰਢ ਦਾ ਟੁੱਟਿਆ 11 ਸਾਲਾ ਰਿਕਾਰਡ

ਨਵੀਂ ਦਿੱਲੀ: ਉੱਤਰ-ਪੱਛਮ ਤੋਂ ਆ ਰਹੀਆਂ ਠੰਢੀਆਂ ਹਵਾਵਾਂ ਕਾਰਨ ਦੇਸ਼ ਦੇ ਕਈ ਸੂਬਿਆਂ ‘ਚ ਸ਼ੀਤ ਲਹਿਰ ਦਾ ਪ੍ਰਕੋਪ ਜਾਰੀ ਹੈ। ਦਿੱਲੀ ਦੇ ਇੰਦਰਾ ਗਾਂਧੀ ਅੰਤਰਾਸ਼ਟਰੀ ਅੱਡੇ ‘ਤੇ ਸੰਘਣੇ ਕੋਹਰੇ ਕਾਰਨ ਮੰਗਲਵਾਰ ਦੀ ਸਵੇਰ ਦੋ ਘੰਟਿਆਂ ਲਈ ਜਹਾਜ਼ਾਂ ਦੀ ਉਡਾਣ ਨੂੰ ਪੂਰੀ ਤਰ੍ਹਾਂ ਰੋਕਣਾ ਪਿਆ। ਸਵੇਰੇ ਸਵਾ ਸੱਤ ਤੋਂ ਸਵਾ ਨੌਂ ਵਜੇ ਤਕ ਕਿਸੇ ਵੀ ਫਲਾਈਟ ਨੇ ਉਡਾਣ ਨਹੀਂ ਭਰੀ।

ਉਧਰ ਜੰਮੂ ਕਸ਼ਮੀਰ ਦੇ ਸ੍ਰੀਨਗਰ ‘ਚ ਸੋਮਵਾਰ ਨੂੰ ਠੰਢ ਨੇ 11 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ। ਇੱਥੋਂ ਦਾ ਪਾਰਾ ਮਨਫੀ 6.8 ਡਿਗਰੀ ਦਰਜ ਕੀਤਾ ਗਿਆ। ਡਲ ਝੀਲ ਕਰੀਬ ਜੰਮ ਹੀ ਗਈ ਹੈ। ਦਿੱਲੀ ‘ਚ ਠੰਢ ਵਧਣ ਦੇ ਆਸਾਰ ਹਨ ਜਿਸ ਕਾਰਨ ਸੰਘਣੇ ਕੋਹਰੇ ਤੋਂ ਅਜੇ ਕੋਈ ਰਾਹਤ ਨਹੀਂ ਮਿਲੇਗੀ। ਸੋਮਵਾਰ ਨੂੰ ਦਿੱਲੀ ‘ਚ ਕਾਫੀ ਠੰਢ ਸੀ। ਇੱਥੇ ਦਾ ਤਾਪਮਾਨ 4.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਦੀ ਚੇਤਾਵਨੀ ਹੈ ਕਿ ਅਜੇ ਪਾਰਾ ਹੋਰ ਵੀ ਘਟ ਸਕਦਾ ਹੈ।

ਪੰਜਾਬ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਦਾ ਪਾਰਾ ਐਤਵਾਰ ਦੀ ਰਾਤ 1.1 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਵੀਰਵਾਰ ਤਕ ਮੌਸਮ ਕਾਫੀ ਠੰਢਾ ਹੀ ਰਹੇਗਾ। ਇਸ ਤੋਂ ਪਹਿਲਾਂ 2015 ‘ਚ ਇੱਥੋਂ ਦਾ ਪਾਰਾ ਇੱਕ ਡਿਗਰੀ ਤਕ ਰਿਕਾਰਡ ਹੋਇਆ ਸੀ।

ਮੱਧ ਪ੍ਰਦੇਸ਼ ਦਾ ਪਚਮਢੀ ਦਾ ਪਾਰਾ ਵੀ 2 ਡਿਗਰੀ ਨੇ ਨੇੜੇ ਰਿਕਾਰਡ ਹੋਇਆ ਹੈ। ਇਸ ਤੋਂ ਇਲਾਵਾ ਸੂਬੇ ਦੇ 42 ਸ਼ਹਿਰਾਂ ਦਾ ਤਾਪਮਾਨ 10 ਡਿਗਰੀ ਤੋਂ ਘੱਟ ਦਰਜ ਹੋ ਰਿਹਾ ਹੈ। ਠੰਢ ਤੋਂ ਅੱਗੇ ਕੋਈ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ।

ਝਾਰਖੰਡ: ਇੱਥੇ ਦੇ ਮੈਕਲੁਸਕੀਗੰਜ ‘ਚ ਪਾਰਾ ਸਿਫਰ ਤਕ ਪਹੁੰਚ ਗਿਆ ਹੈ। ਸੂਬੇ ‘ਚ ਦੋ ਦਿਨਾਂ ‘ਚ ਠੰਢ ਨਾਲ 16 ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ ਰਾਂਚੀ ਦਾ ਤਾਪਮਾਨ 6 ਡਿਗਰੀ ਤਕ ਪਹੁੰਚ ਗਿਆ ਹੈ ਤੇ ਅਗਲੇ 2 ਦਿਨ ਕੜਾਕੇ ਦੀ ਠੰਢ ਪੈਣ ਵਾਲੀ ਹੈ।

ਉੱਤਰ ਪ੍ਰਦੇਸ਼ ਦੇ ਮੁਜੱਫਰਨਗਰ ਦਾ ਤਾਪਮਾਨ ਸਿਫਰ ‘ਤੇ ਪਹੁੰਚ ਗਿਆ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਜੇਪੀ ਗੁਪਤਾ ਦਾ ਕਹਿਣਾ ਹੈ ਕਿ ਸੂਬੇ ‘ਚ ਸੋਮਵਾਰ ਦਾ ਦਿਨ ਸਭ ਤੋਂ ਠੰਢਾ ਰਿਹਾ। ਇਸ ਤੋਂ ਇਲਾਵਾ ਸੂਬੇ ਦੇ ਕਈ ਸ਼ਹਿਰਾਂ ‘ਚ ਆਉਣ ਵਾਲੇ ਦਿਨਾਂ ‘ਚ ਸੰਘਣਾ ਕੋਹਰਾ ਰਹੇਗਾ।

Source:AbpSanjha