ਭਾਰਤ – ਪਾਕਿਸਤਾਨ ਵਿਚਾਲੇ ਵਧਿਆ ਤਣਾਅ, ਪਾਕਿਸਤਾਨ ਨੇ ਆਪਣੇ ਰਾਜਦੂਤ ਨੂੰ ਬੁਲਾਇਆ ਵਾਪਸ

pakistan high commission delhi

14 ਫਰਵਰੀ ਨੂੰ ਜੰਮੂ-ਕਸ਼ਮੀਰ ਵਿੱਚ ਦੇ ਪੁਲਵਾਮਾ ਵਿੱਚ ਸੀਆਰਪੀਐਫ ‘ਤੇ ਹੋਏ ਫਿਦਾਈਨ ਹਮਲੇ ਮਗਰੋਂ ਪਾਕਿਸਤਾਨ ਵੀ ਹਰਕਤ ਵਿੱਚ ਆ ਗਿਆ ਹੈ। ਪਾਕਿਸਤਾਨ ਨੇ ਆਪਣੇ ਭਾਰਤ ਵਿਚਲੇ ਰਾਜਦੂਤ ਨੂੰ ਸਲਾਹ-ਮਸ਼ਵਰੇ ਖਾਤਰ ਵਾਪਸ ਬੁਲਾ ਲਿਆ ਹੈ।

ਪਾਕਿਸਤਾਨ ਦੇ ਵਿਦੇਸ਼ ਮੰਤਰੀ ਮੁਹੰਮਦ ਫੈਜ਼ਲ ਨੇ ਇਸ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਰਾਜਦੂਤ ਸੋਹੇਲ ਮਹਿਮੂਦ ਸੋਮਵਾਰ ਸਵੇਰੇ ਦਿੱਲੀ ਤੋਂ ਚੱਲਣਗੇ। ਪਾਕਿਸਤਾਨ ਨੇ ਅਜਿਹੀ ਕਾਰਵਾਈ ਭਾਰਤ ਵੱਲੋਂ ਪਾਕਿ ‘ਚ ਆਪਣੇ ਰਾਜਦੂਤ ਅਜੈ ਬਿਸਾਰੀਆ ਨੂੰ ਵਾਪਸ ਸੱਦੇ ਜਾਣ ਮਗਰੋਂ ਅਮਲ ਵਿੱਚ ਲਿਆਂਦੀ ਹੈ।

ਪੁਲਵਾਮਾ ਹਮਲੇ ‘ਚ 40 ਸੀਆਰਪੀਐਫ ਜਵਾਨਾਂ ਦੀਆਂ ਜਾਨਾਂ ਜਾਣ ਮਗਰੋਂ ਸ਼ੁੱਕਰਵਾਰ ਨੂੰ ਵਿਦੇਸ਼ ਸਕੱਤਰ ਵਿਜੈ ਗੋਖਲੇ ਨੇ ਪਾਕਿ ਸਫ਼ੀਰ ਸੋਹੇਲ ਮਹਿਮੂਦ ਨੂੰ ਆਪਣਾ ਵਿਰੋਧ ਜਤਾਉਣ ਲਈ ਤਲਬ ਕੀਤਾ ਸੀ। ਹਮਲੇ ਦੀ ਜ਼ਿੰਮੇਵਾਰੀ ਜੈਸ਼-ਏ-ਮੁਹੰਮਦ ਨੇ ਚੁੱਕੀ ਸੀ ਤੇ ਭਾਰਤ ਦਾ ਦੋਸ਼ ਹੈ ਕਿ ਪਾਕਿਸਤਾਨ ਇਸ ਅੱਤਵਾਦੀ ਜਥੇਬੰਦੀ ਨੂੰ ਸਮਰਥਨ ਦਿੰਦਾ ਹੈ।

ਭਾਰਤ ਨੇ ਪਾਕਿਸਤਾਨ ਤੋਂ ਮੰਗ ਕੀਤੀ ਹੈ ਕਿ ਉਹ ਆਪਣੀ ਜ਼ਮੀਨ ‘ਤੇ ਪਣਪ ਰਹੇ ਅੱਤਵਾਦੀਆਂ ਨੂੰ ਤੁਰੰਤ ਰੋਕੇ ਤੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇ। ਹਮਲੇ ਮਗਰੋਂ ਭਾਰਤ ਨੇ ਪਾਕਿਸਤਾਨ ਤੋਂ ਤਰਜੀਹੀ ਦੇਸ਼ ਦਾ ਰੁਤਬਾ ਖੋਹ ਲਿਆ ਹੈ ਤੇ ਉਨ੍ਹਾਂ ਦੀਆਂ ਵਸਤਾਂ ‘ਤੇ 200 ਫ਼ੀਸਦ ਕਸਟਮ ਡਿਊਟੀ ਲਾਉਣ ਦਾ ਐਲਾਨ ਕਰ ਦਿੱਤਾ ਹੈ।

Source:AbpSanjha