ਕੇਂਦਰ ਸਰਕਾਰ MSP ਅਨੁਸਾਰ ਯਕੀਨੀ ਸਰਕਾਰੀ ਖਰੀਦ ਬੰਦ ਕਰਨਾ ਚਾਹੁੰਦੀ ਹੈ : ਹਰਸਿਮਰਤ ਕੌਰ ਬਾਦਲ

Central Government wants to stop assured government procurement of commodities on MSP

ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਹ ਹੁਣ ਸਪਸ਼ਟ ਹੁੰਦਾ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਆਉਂਦੇ ਕਣਕ ਦੇ ਸੀਜ਼ਨ ਤੋਂ  ਐਮ.ਐਸ.ਪੀ ਅਨੁਸਾਰ ਯਕੀਨੀ ਸਰਕਾਰੀ ਖਰੀਦ ਖਤਮ ਕਰਨਾ ਚਾਹੁੰਦੀ ਹੈ ਅਤੇ ਇਸੇ ਲਈ ਉਸਨੂੰ ਖਰੀਦ ਲਈ ਜ਼ਮੀਨ ਦੇ ਰਿਕਾਰਡ ਅਪਲੋਡ ਕਰਨ ਦੀ ਨਵੀਂ ਸ਼ਰਤ ਰੱਖ ਦਿੱਤੀ ਹੈ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀਮਤੀ ਹਰਸਿਮਰਤ ਕੌਰ ਬਾਦਲ, ਜਿਹਨਾਂ ਨੇ ਐਫ ਸੀ ਆਈ ਵੱਲੋਂ ਕਿਸਾਨਾਂ ਨੁੰ ਸਿੱਧੀ ਅਦਾਇਗੀ ਲਈ ਜ਼ਮੀਨ ਰਿਕਾਰਡ ਦੇ ਵੇਰਵੇ ਮੰਗੇ ਜਾਣ ਬਾਰੇ ਸਵਾਲ ਪੁੱਛਿਆ, ਨੇ ਕਿਹਾ ਕਿ ਇਹ ਪੰਜਾਬ ਦੇ ਕਿਸਾਨਾਂ ਲਈ ਵਿਤਕਰੇ ਭਰਿਆ ਕਦਮ ਹੈ।

ਪੰਜਾਬ ਦੇ ਕਿਸਾਨਾਂ ਨੇ ਦੇਸ਼ ਵਿਚ ਹਰੀ ਕ੍ਰਾਂਤੀ ਲਿਆਂਦੀ ਤੇ ਦੇਸ਼ ਨੂੰ ਅਨਾਜ ਦੇ ਮਾਮਲੇ ਵਿਚ ਸਰਪਲੱਸ ਬਣਾਇਆ। ਉਹਨਾਂ ਕਿਹਾ ਕਿ ਲੁਕਵਾਂ ਏਜੰਸੀ ਸਿਰਫ ਪੰਜਾਬ ਤੋਂ ਖਰੀਦ ਤੱਕ ਸੀਮਤ ਹੈ ਤੇ ਸਿਰਫ ਪੰਜਾਬ ਦੇ ਹੀ ਕਿਸਾਨਾਂ ਦੇ ਜ਼ਮੀਨੀ ਰਿਕਾਰਡ ਅਪਲੋਡ ਕਰਨ ਵਾਸਤੇ ਕਿਹਾ ਗਿਆ ਹੈ। ਸ੍ਰੀਮਤੀ ਬਾਦਲ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵੀ ਇਸ ਮਾਮਲੇ ਵਿਚ ਕੇਂਦਰ ਨਾਲ ਰਲੀ ਹੋਈ ਹੈ। ਉਹਨਾਂ ਕਿਹਾ ਕਿ ਇਸ ਗੱਲ ਦੀ ਪੁਸ਼ਟੀ ਕੇਂਦਰੀ ਮੰਤਰੀ ਪਿਯੁਸ਼ ਗੋਇਲ ਨੇ ਕਰ ਦਿੱਤੀ ਹੈ, ਜਿਹਨਾਂ ਨੇ ਉਹ ਦਸਤਾਵੇਜ਼ ਵਿਖਾਇਆ ਹੈ ,ਜਿਸ ਵਿਚ ਪੰਜਾਬ ਦੇ ਵਿੱਤ ਮੰਤਰੀ ਤੇ ਖੁਰਾਕ ਤੇ ਸਪਲਾਈ ਮੰਤਰੀ ਨੇ ਪੰਜਾਬ ਤੋਂ  ਕਣਕ ਦੀ ਸਰਕਾਰੀ ਖਰੀਦ ਲਈ ਜ਼ਮੀਨ ਰਿਕਾਰਡ ਅਪਲੋਡ ਕਰਨ ਲਈ ਸਹਿਮਤੀ ਦਿੱਤੀ ਹੈ।

ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਵੀ ਕਿਸਾਨਾਂ ਨੂੰ ਸਿੱਧੀ ਅਦਾਇਗੀ ਕਰਨ ਦੇ ਕੇਂਦਰ ਸਰਕਾਰ ਦੇ ਫੈਸਲੇ ਲਈ ਸਹਿਮਤੀ ਦਿੱਤੀ ਹੈ। ਉਹਨਾਂ ਕਿਹਾ ਕਿ ਪਹਿਲਾਂ ਵੀ ਕਾਂਗਰਸ ਸਰਕਾਰ ਨੇ ਖੇਤੀਬਾੜੀ ਆਰਡੀਨੈਂਸਾਂ ਲਈ ਸਹਿਮਤੀ ਦੇ ਕੇ ਪੰਜਾਬ ਦੇ ਕਿਸਾਨਾਂ ਦਾ ਕੇਸ ਖਰਾਬ ਕੀਤਾ ਸੀ ਤੇ ਵਿੱਤ ਮੰਤਰੀ ਨੇ ਆਪ ਇਸ ਮਾਮਲੇ ਵਿਚ ਮੀਟਿੰਗ ਵਿਚ ਸ਼ਮੂਲੀਅਤ ਕੀਤੀ ਸੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀਆਂ ਦੀ ਉਸ 7 ਮੈਂਬਰੀ ਕਮੇਟੀ ਦੇ ਮੈਂਬਰ ਸਨ ,ਜਿਸਨੇ ਕਾਲੇ ਕਾਨੂੰਨਾਂ ਲਈ ਸਹਿਮਤੀ ਦਿੱਤੀ ਤੇ ਮੁੱਖ ਮੰਤਰੀਆਂ ਦੀ ਕਮੇਟੀ ਨੇ ਹੀ ਖੇਤੀਬਾੜੀ ਆਰਡੀਨੈਂਸਾਂ ਨੂੰ ਅੰਤਿਮ ਰੂਪ ਦਿੱਤਾ।

ਬਠਿੰਡਾ ਦੀ ਐਮ.ਪੀ ਨੇ ਕੇਂਦਰੀ ਮੰਤਰੀ ਪਿਯੂਸ਼ ਗੋਇਲ ਨੂੰ ਵੀ ਕਰੜੇ ਹੱਥੀਂ ਲਿਆ ਤੇ ਉਹਨਾਂ ’ਤੇ ਸਦਨ ਵਿਚ ਝੂਠ ਬੋਲਣ ਦਾ ਦੋਸ਼ ਲਾਇਆ ਤੇ ਕਿਹਾ ਕਿ ਉਹ ਝੂਠ ਬੋਲ ਰਹੇ ਹਨ ਕਿ ਅਕਾਲੀ ਦਲ ਐਫ.ਸੀ.ਆਈ ਵੱਲੋਂ ਬਣਾਏ ਨਵੇਂ ਨਿਯਮਾਂ ਵਿਚ ਧਿਰ ਸੀ। ਉਹਨਾਂ ਕਿਹਾ ਕਿ ਇਹ ਹੋਰ ਕੁਝ ਨਹੀਂ ਬਲਕਿ ਅਕਾਲੀ ਦਲ ਜੋ ਕਿ ਕਿਸਾਨਾਂ ਦੀ ਲੜਾਈ ਲੜ ਰਿਹਾ ਹੈ, ਨੂੰ ਬਦਨਾਮ ਕਰਨ ਦਾ ਯਤਨ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਕਿਸਾਨਾਂ ਨਾਲ ਇਕਜੁੱਟਤਾ ਪ੍ਰਗਟ ਕਰਦਿਆਂ ਐਨ.ਡੀ.ਏ ਨਾਲੋਂ ਨਾਅਤਾ ਤੋੜ ਲਿਆ ਸੀ। ਉਹਨਾਂ ਕਿਹਾ ਕਿ ਅਸੀਂ ਤਾਂ ਵਜ਼ਾਰਤ ਵੀ ਛੱਡ ਦਿੱਤੀ। ਉਹਨਾਂ ਕਿਹਾ ਕਿ ਅਸੀਂ ਲੜਾਈ ਲੜਦੇ ਰਹਾਂਗੇ ਤਾਂ ਜੋ ਕਿਸਾਨਾਂ ਨੂੰ ਨਿਆਂ ਮਿਲੇ ਅਤੇ ਐਮ.ਐਸ.ਪੀ ਦੇ ਨਾਲ ਨਾਲ ਸਰਕਾਰੀ ਖਰੀਦ ਬੰਦ ਕਰਨ ਦੇ ਯਤਨਾਂ ਨੂੰ ਹਾਰ ਮਿਲੇ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ