ਖਹਿਰਾ ਨੇ ਸਿੱਧੂ ਨੂੰ ਪਾਰਟੀ ਵਿੱਚ ਸ਼ਾਮਲ ਹੋਣ ਲਈ ਦਿੱਤਾ ਖੁੱਲ੍ਹਾ ਸੱਦਾ

Khaira Sidhu

ਬਠਿੰਡਾ: ਪੰਜਾਬ ਏਕਤਾ ਪਾਰਟੀ ਦੇ ਕਨਵੀਨਰ ਸੁਖਪਾਲ ਸਿੰਘ ਖਹਿਰਾ ਸਿੱਧੂ ਦੀ ਹਮਾਇਤ ਵਿੱਚ ਉੱਤਰ ਆਏ ਹਨ। ਬਠਿੰਡਾ ਵਿੱਚ ਅੱਜ ਪ੍ਰੈੱਸ ਕਾਨਫਰੰਸ ਕਰਦਿਆਂ ਖਹਿਰਾ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਦਿੱਤੇ ‘ਫ੍ਰੈਂਡਲੀ ਮੈਚ’ ਦੇ ਵਿਵਾਦਤ ਬਿਆਨ ਉੱਤੇ ਕਿਹਾ ਕਿ ਸਿੱਧੂ ਵੱਲੋਂ ਬਿਲਕੁਲ ਸਹੀ ਕਿਹਾ ਗਿਆ ਹੈ। ਇਹ ਦੋਨੋਂ (ਕਾਂਗਰਸ ਤੇ ਅਕਾਲੀ ਦਲ) ਆਪਸ ਵਿੱਚ ਮਿਲੇ ਹੋਏ ਹਨ। ਇਸੇ ਕਰਕੇ ਅੱਜ ਤਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਹੋਈ। ਖਹਿਰਾ ਨੇ ਕਿਹਾ ਕਿ ਉਹ ਸਿੱਧੂ ਦੇ ਇਸ ਬਿਆਨ ਉੱਤੇ ਉਨ੍ਹਾਂ ਦਾ ਸਮਰਥਨ ਕਰਦੇ ਹਨ ਤੇ ਉਨ੍ਹਾਂ ਨਾਲ ਖੜ੍ਹੇ ਹਨ। ਉਨ੍ਹਾਂ ਸਿੱਧੂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ।

ਖਹਿਰਾ ਨੇ ਉਮੀਦ ਜਤਾਈ ਹੈ ਕਿ ਸਿੱਧੂ ਆਪਣੇ ਇਸ ਸਟੈਂਡ ਉੱਤੇ ਬਰਕਰਾਰ ਰਹਿਣਗੇ। ਉਨ੍ਹਾਂ ਕਿਹਾ ਕਿ ਕੈਪਟਨ ਦੇ ਛੋਟੇ-ਮੋਟੇ ਕਾਂਗਰਸੀ ਗੁਮਾਨੀ, ਉਨ੍ਹਾਂ ਦੇ ਪਿੱਠੂ ਵਜ਼ੀਰ ਜਾਂ ਮੰਤਰੀ ਸਿੱਧੂ ਉੱਤੇ ਕਾਰਵਾਈ ਕਰਨਗੇ ਪਰ ਇਹ ਸਿੱਧੂ ਦੇ ਇਮਤਿਹਾਨ ਦੀ ਘੜੀ ਹੈ। ਖਹਿਰਾ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਆਪਣੇ ਸਟੈਂਡ ‘ਤੇ ਖੜ੍ਹੇ ਰਹਿਣਗੇ। ਖਹਿਰਾ ਨੇ ਇੱਥੋਂ ਤਕ ਕਿਹਾ ਕਿ ਜੇ ਸਿੱਧੂ ‘ਤੇ ਕੋਈ ਮੁਸੀਬਤ ਆਈ ਤਾਂ ਪੰਜਾਬ ਜਮਹੂਰੀ ਗਠਜੋੜ ਪੂਰੇ ਹਿਰਦੇ ਨਾਲ ਉਨ੍ਹਾਂ ਨਾਲ ਖੜ੍ਹਾ ਹੈ ਤੇ ਪਾਰਟੀ ਦੇ ਦਰਵਾਜ਼ੇ ਸਿੱਧੂ ਲਈ ਸਦਾ ਖੁੱਲ੍ਹੇ ਹਨ।

ਇਹ ਵੀ ਪੜ੍ਹੋ : ਕੈਪਟਨ ਨੇ ਲਾਏ ਸਿੱਧੂ ਤੇ ਇਲਜ਼ਾਮ, ਕਿਹਾ ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ ‘ਤੇ ?

ਬੇਅਦਬੀ ਮਾਮਲੇ ‘ਤੇ ਬੋਲਦੇ ਹੋਏ ਖਹਿਰਾ ਨੇ ਦੁੱਖ ਜਤਾਉਂਦਿਆਂ ਕਿਹਾ ਕਿ ਕਾਂਗਰਸ ਨੇ ਚੋਣਾਂ ਵਿੱਚ ਗਰਮਜੋਸ਼ੀ ਨਾਲ ਇਸ ਮੁੱਦੇ ਨੂੰ ਚੁੱਕਿਆ ਤੇ ਲਾਹਾ ਲੈਣ ਦੀ ਕੋਸ਼ਿਸ਼ ਕੀਤੀ। ਬਰਗਾੜੀ ਤੋਂ ਬਾਦਲ ਤਕ ਸਿੱਖ ਜਥੇਬੰਦੀਆਂ ਨੇ ਕਈ ਰੋਸ ਮਾਰਚ ਕੱਢੇ। ਇਹ ਵੀ ਕਿਤੇ ਨਾ ਕਿਤੇ ਕਾਂਗਰਸ ਵੱਲੋਂ ਰਿਸਪਾਂਸ ਹੀ ਸੀ, ਜਿਸ ਦੇ ਚੱਲਦੇ ਸਾਰੇ ਟਰਾਂਸਪੋਰਟ ਤੇ ਪੈਸਿਆਂ ਦਾ ਪ੍ਰਬੰਧ ਕਾਂਗਰਸ ਵੱਲੋਂ ਕੀਤਾ ਗਿਆ ਸੀ।

23 ਮਈ ਨੂੰ ਚੋਣ ਨਤੀਜਿਆਂ ਤੋਂ ਬਾਅਦ ਬਠਿੰਡਾ ਰਹਿਣ ਜਾਂ ਨਾ ਰਹਿਣ ਬਾਰੇ ਖਹਿਰਾ ਨੇ ਕਿਹਾ ਕਿ ਉਨ੍ਹਾਂ ਨੂੰ ਲੋਕਾਂ ਦਾ ਚੰਗਾ ਹੁੰਗਾਰਾ ਮਿਲਿਆ ਹੈ। ਉਹ ਲੋਕਾਂ ਦੀ ਕਚਹਿਰੀ ਵਿੱਚ ਹਨ। ਲੋਕਾਂ ਦੇ ਦੁੱਖ-ਸੁੱਖ ਵਿੱਚ ਖੜ੍ਹੇ ਰਹਿਣਗੇ ਤੇ ਚੋਣ ਲੜਨਗੇ। ਬਾਕੀ 23 ਮਈ ਤੋਂ ਬਾਅਦ ਹੀ ਸਾਰਾ ਕੁਝ ਦੱਸਿਆ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਐਗਜ਼ਿਟ ਪੋਲ ਵੱਲੋਂ ਪੰਜਾਬ ਏਕਤਾ ਪਾਰਟੀ ਦੇ ਸ਼ਾਮਲ ਨਾ ਹੋਣ ਵਿੱਚ ਕਿਹਾ ਕਿ ਉਹ ਜ਼ਮੀਨੀ ਹਕੀਕਤ ਨਹੀਂ।

Source:AbpSanjha