ਸੁਖਬੀਰ ਬਾਦਲ ਨੇ ਸਿੱਧੂ ਨੂੰ ਪੁੱਛਿਆ ਕਿ ਉਹ ਭਾਰਤੀ ਨੇ ਜਾਂ ਫਿਰ ਪਾਕਿਸਤਾਨੀ

SUKHBIR AND SIDHU

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰਾਜਪੁਰਾ ਪਹੁੰਚ ਕੇ ਕਾਂਗਰਸ ਨੂੰ ਖੂਬ ਕੋਸਿਆ। ਉਨ੍ਹਾਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਸਵਾਲ ਕੀਤਾ ਕਿ ਉਹ ਦੱਸਣ ਕਿ ਉਹ ਭਾਰਤ ਪੱਖੀ ਹਨ ਜਾਂ ਪਾਕਿਸਤਾਨ ਪੱਖੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਮੋਦੀ ਲਹਿਰ ਸਿਖਰ ’ਤੇ ਹੈ ਤੇ ਲੋਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਭ ਤੋਂ ਵੱਡੇ ਧੋਖੇਬਾਜ਼ ਹਨ ਤੇ ਨਵਜੋਤ ਸਿੱਧੂ ਪਾਕਿਸਤਾਨ ਪੱਖੀ ਹੈ।

ਦਰਅਸਲ ਸੁਖਬੀਰ ਬਾਦਲ ਇੱਥੇ ਵਰਕਰਾਂ ਨਾਲ ਮੀਟਿੰਗ ਕਰਨ ਲਈ ਪੁੱਜੇ ਸਨ। ਇਸ ਦੌਰਾਨ ਉਨ੍ਹਾਂ ਕਾਂਗਰਸ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ’ਚ ਕੁਝ ਨਹੀਂ ਕੀਤਾ। ਬੱਸ ਝੂਠੇ ਪਰਚੇ ਕਰਨ ਦਾ ਇੱਕੋ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਵੀ ਅਫਸਰ ਨੇ ਝੂਠੇ ਪਰਚੇ ਕੀਤੇ ਹਨ, ਉਸ ਅਫ਼ਸਰ ਨੂੰ ਸਾਡੀ ਸਰਕਾਰ ਆਉਣ ’ਤੇ ਨੌਕਰੀ ਤੋ ਕੱਢ ਦਿੱਤਾ ਜਾਏਗਾ।

ਸੁਖਬੀਰ ਨੇ ਕਿਹਾ ਕਿ ਪੰਜਾਬ ‘ਚ ਕਾਂਗਰਸ ਵਿਰੋਧੀ ਲਹਿਰ ਹੈ। ਚੋਣਾਂ ਦੌਰਾਨ ਲੋਕਾਂ ਦਾ ਕੈਪਟਨ ਖਿਲਾਫ ਸਿਗਨਲ ਸਪਸ਼ਟ ਹੈ। ਉਨ੍ਹਾਂ ਕਿਹਾ ਕਿ ਕੈਪਟਨ ਧੋਖੇਬਾਜ਼ ਹਨ ਤੇ ਉਨ੍ਹਾਂ ਤੋਂ ਦੁਖੀ ਹੋਏ ਪੰਜਾਬ ਦੇ ਲੋਕ ਸੜਕਾਂ ’ਤੇ ਆ ਜਾਣਗੇ। ਉਨ੍ਹਾਂ ਕਿਹਾ ਕਿ ਕੈਪਟਨ ਦੇ ਮੰਤਰੀ ਨਵਜੋਤ ਸਿੱਧੂ ਲਈ ਗਾਂਧੀ ਪਰਿਵਾਰ ਹੀ ਸਭ ਕੁਝ ਹੈ। ਉਹ ਗਾਂਧੀ ਪਰਿਵਾਰ ਨੂੰ ਖ਼ੁਸ਼ ਕਰਨ ਲਈ ਕੁਝ ਵੀ ਕਰ ਸਕਦੇ ਹਨ।

Source:AbpSanjha