ਐਸਆਈਟੀ ਅਕਾਲੀਆਂ ਖਿਲਾਫ ਸਬੂਤ ਜੁਟਾਉਣ ‘ਚ ਰਹੀ ਨਾਕਾਮ

sit fail to gather evidence against akalis

ਸਾਲ 2015 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਕੋਟਕਪੂਰਾ ਤੇ ਬਹਿਬਲ ਕਲਾਂ ਗੋਲ਼ੀਕਾਂਡ ਕਰਕੇ ਬੇਸ਼ੱਕ ਅਕਾਲੀ ਦਲ ਬੈਕਫੁੱਟ ‘ਤੇ ਚਲਾ ਗਿਆ ਹੈ ਪਰ ਇਨ੍ਹਾਂ ਮਾਮਲਿਆਂ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਕੋਲ ਉਦੋਂ ਸੱਤਾ ਵਿੱਚ ਕਾਬਜ਼ ਨੇਤਾਵਾਂ ਖ਼ਿਲਾਫ਼ ਠੋਸ ਸਬੂਤਾਂ ਦੀ ਘਾਟ ਹੈ। ਐਸਆਈਟੀ ਨੂੰ 250 ਤੋਂ ਵੱਧ ਪੁਲਿਸ ਅਧਿਕਾਰੀਆਂ ਤੇ ਗਵਾਹਾਂ ਦੇ ਬਿਆਨ ਦਰਜ ਕਰਨ ਦੇ ਬਾਵਜੂਦ ਕਿਸੇ ਵੀ ਅਕਾਲੀ ਆਗੂ ਖਿਲਾਫ਼ ਕੋਈ ਪੁਖਤਾ ਸਬੂਤ ਨਹੀਂ ਮਿਲਿਆ।

ਮੰਗਲਵਾਰ ਨੂੰ ਫ਼ਰੀਦਕੋਟ ਅਦਾਲਤ ਵਿੱਚ ਮਨਤਾਰ ਸਿੰਘ ਬਰਾੜ ਦੀ ਜ਼ਮਾਨਤ ਅਰਜ਼ੀ ’ਤੇ ਲੰਮੀ ਬਹਿਸ ਹੋਈ। ਸੁਣਵਾਈ ਦੌਰਾਨ ਜਾਂਚ ਟੀਮ ਅਦਾਲਤ ’ਚ ਕੋਈ ਵੀ ਅਜਿਹਾ ਸਬੂਤ ਪੇਸ਼ ਨਹੀਂ ਕਰ ਸਕੀ ਜਿਸ ਤੋਂ ਮਨਤਾਰ ਸਿੰਘ ਬਰਾੜ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਹੋਰ ਆਗੂਆਂ ਦੀ ਇਸ ਘਟਨਾ ਵਿੱਚ ਸ਼ਮੂਲੀਅਤ ਸਾਬਤ ਹੋ ਸਕੇ। ਜਾਂਚ ਟੀਮ ਨੇ ਕਿਹਾ ਕਿ ਮਨਤਾਰ ਸਿੰਘ ਬਰਾੜ ਨੇ 13 ਅਕਤੂਬਰ 2015 ਦੀ ਰਾਤ ਨੂੰ ਮੁੱਖ ਮੰਤਰੀ, ਡੀਜੀਪੀ ਅਤੇ ਕੁਝ ਹੋਰ ਮੰਤਰੀਆਂ ਨੂੰ ਲਗਾਤਾਰ 157 ਫ਼ੋਨ ਕੀਤੇ ਇਸ ਕਰਕੇ ਉਨ੍ਹਾਂ ਦਾ ਕਿਰਦਾਰ ਸ਼ੱਕ ਦੇ ਘੇਰੇ ਵਿੱਚ ਹੈ।

ਇਹ ਵੀ ਪੜ੍ਹੋ : ਉਮਰਾਨੰਗਲ ਨੂੰ ਮਿਲ ਰਹੀਆਂ ਪਟਿਆਲਾ ਜੇਲ੍ਹ ‘ਚ VIP ਸੂਹਲਤਾਂ , ਰੰਧਾਵਾ ਨੇ ਜੇਲ੍ਹ ਸੁਪਰਡੈਂਟ ਜਸਪਾਲ ਸਿੰਘ ਨੂੰ ਕੀਤਾ ਮੁਅੱਤਲ

ਜਾਂਚ ਟੀਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸਾਬਕਾ ਡੀਜੀਪੀ ਸੁਮੇਧ ਸੈਣੀ, ਆਈਜੀ, ਡੀਆਈਜੀ ਅਤੇ ਆਈਏਐੱਸ ਰੈਂਕ ਦੇ ਦੋ ਦਰਜਨ ਤੋਂ ਵੱਧ ਅਧਿਕਾਰੀਆਂ ਤੋਂ ਇਨ੍ਹਾਂ ਫੋਨਾਂ ਬਾਰੇ ਪੜਤਾਲ ਕਰਕੇ ਬਿਆਨ ਕਲਮਬੰਦ ਕਰ ਚੁੱਕੀ ਹੈ।

ਮਨਤਾਰ ਸਿੰਘ ਬਰਾੜ ਨੇ ਅਦਾਲਤ ਵਿੱਚ ਅੱਜ ਦੱਸਿਆ ਕਿ ਐੱਸਆਈਟੀ ਪੁੱਛ ਪੜਤਾਲ ਦੇ ਨਾਂਅ ’ਤੇ ਉਸ ਨੂੰ ਜ਼ਲੀਲ ਕਰ ਰਹੀ ਹੈ ਅਤੇ ਜੇਕਰ ਜਾਂਚ ਟੀਮ ਕੋਲ ਉਨ੍ਹਾਂ ਖਿਲਾਫ਼ ਗਵਾਹੀ ਹੈ ਜਾਂ ਟੀਮ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨਾ ਚਾਹੁੰਦੀ ਹੈ ਤਾਂ ਉਹ ਅਦਾਲਤ ਨੂੰ ਦੱਸਣ। ਹਾਲਾਂਕਿ, ਐੱਸਆਈਟੀ ਦੇ ਮੈਂਬਰ ਸਤਿੰਦਰਪਾਲ ਸਿੰਘ ਨੇ ਕਿਹਾ ਕਿ ਪੁਲਿਸ ਅਧਿਕਾਰੀਆਂ ਵੱਲੋਂ ਜਿਪਸੀ ’ਤੇ ਕੀਤੀ ਗਈ ਫਾਇਰਿੰਗ ਇਸ ਗੱਲ ਦਾ ਸਬੂਤ ਹੈ ਕਿ ਉਨ੍ਹਾਂ ਨੇ ਆਪਣੇ ਗੁਨਾਹ ਲੁਕਾਉਣ ਲਈ ਗੋਲ਼ੀਆਂ ਚਲਾਈਆਂ।

Source:AbpSanjha