ਰਾਮ ਰਹੀਮ ’ਤੇ ਕੱਲ੍ਹ ਆ ਸਕਦਾ ਹੈ ਫੈਸਲਾ , ਅਲਰਟ ਕੀਤਾ ਗਿਆ ਜਾਰੀ

ram rahim singh

ਸਿਰਸਾ ਦੇ ਪੱਤਰਕਾਰ ਰਾਮਚੰਦਰ ਛੱਤਰਪਤੀ ਦੇ ਕਤਲ ਦੇ ਮਾਮਲੇ ਸਬੰਧੀ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ’ਤੇ ਕੱਲ੍ਹ, 11 ਜਨਵਰੀ ਨੂੰ ਫੈਸਲਾ ਆ ਸਕਦਾ ਹੈ। ਅਦਾਲਤ ਦੇ ਫੈਸਲੇ ਦੇ ਮੱਦੇਨਜ਼ਰ ਪੰਜਾਬ ਪੁਲਿਸ ਨੇ ਅਲਰਟ ਜਾਰੀ ਕਰ ਦਿੱਤਾ ਹੈ। ਇਸ ਦੇ ਤਹਿਤ ਸੰਵੇਦਨਸ਼ੀਲ ਮੰਨੇ ਜਾਣ ਵਾਲੇ ਮਾਲਵਾ ਖੇਤਰ ਲਈ 25 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ।

ਇਸ ਵਿੱਚ ਬਠਿੰਡਾ ਰੇਂਜ ਅਧੀਨ ਪੈਂਦੇ ਬਠਿੰਡਾ ਤੇ ਮਾਨਸਾ ਜ਼ਿਲ੍ਹੇ ਨੂੰ ਅੱਤ ਸੰਵੇਦਨਸ਼ੀਲ ਮੰਨਦਿਆਂ ਕਰੀਬ 15 ਕੰਪਨੀਆਂ ਦੇ 1200 ਜਵਾਨ ਤਾਇਨਾਤ ਕੀਤੇ ਗਏ ਹਨ। ਫਿਰੋਜ਼ਪੁਰ ਅਧੀਨ ਮੋਗਾ, ਫਰੀਦਕੋਟ, ਫਾਜ਼ਿਲਕਾ ਤੇ ਫਿਰੋਜ਼ਪੁਰ ਵਿੱਚ 10 ਕੰਪਨੀਆਂ ਦੇ ਕਰੀਬ 700 ਹੋਰ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ।

ਇਨ੍ਹਾਂ ਵਿੱਚ ਸਭ ਤੋਂ ਜ਼ਿਆਦਾ ਸੰਵੇਦਨਸ਼ੀਲ ਜੈਤੋ, ਕੋਟਕਪੁਰਾ, ਮੋਗਾ ਤੇ ਬਾਘਾਪੁਰਾਣਾ ਹਨ। ਇੱਥੇ ਸਭ ਤੋਂ ਜ਼ਿਆਦਾ ਪੁਲਿਸ ਕਰਮੀ ਤਾਇਨਾਤ ਕੀਤੇ ਗਏ ਹਨ। ਬਰਨਾਲਾ ਵਿੱਚ 150 ਦੇ ਕਰੀਬ ਵਾਧੂ ਪੁਲਿਸ ਬਲ ਤਾਇਨਾਤ ਹਨ। ਨਾਮਚਰਚਾ ਘਰਾਂ ਦੀ ਸੁਰੱਖਿਆ ਨੂੰ ਵੇਖਦਿਆਂ ਬਰਨਾਲਾ ਦੇ ਬਾਜਾਖਾਨਾ ਰੋਡ ਤੇ ਧਨੌਲਾ ਰੋਡ ’ਤੇ ਬਣੇ ਨਾਮਚਰਚਾ ਘਰਾਂ ਦੇ ਬਾਹਰ 50-50 ਪੁਲਿਸ ਜਵਾਨ ਤਾਇਨਾਤ ਕੀਤੇ ਗਏ ਹਨ।

ਜ਼ਿਕਰਯੋਗ ਹੈ ਕਿ ਗੁਰਮੀਤ ਰਾਮ ਰਹੀਮ ਨੂੰ ਸਾਧਵੀਆਂ ਦੇ ਜਿਣਸੀ ਸੋਸ਼ਣ ਦੇ ਮਾਮਲੇ ਵਿੱਚ 25 ਅਗਸਤ 2017 ਨੂੰ ਦੋਸ਼ੀ ਕਰਾਰ ਦਿੱਤੇ ਜਾਣ ਬਾਅਦ ਪੰਜਾਬ ਦੇ ਮਾਲਵਾ ਖੇਤਰ ਵਿੱਚ ਸਭ ਤੋਂ ਜ਼ਿਆਦਾ ਹਿੰਸਕ ਘਟਨਾਵਾਂ ਵਾਪਰੀਆਂ ਸੀ। 34 ਥਾਵਾਂ ’ਤੇ ਹਿੰਸਾ ਭੜਕ ਗਈ ਸੀ।

Source:AbpSanjha