ਰਾਮ ਮੰਦਰ ਮਸਲੇ ’ਤੇ ਸਿਰਫ 10 ਸੈਕਿੰਡ ਹੋਈ ਸੁਣਵਾਈ, ਹੁਣ 10 ਜਨਵਰੀ ਨੂੰ ਅਗਲੀ ਸੁਣਵਾਈ

Supreme court

ਅਯੋਧਿਆ ਦੇ ਰਾਮ ਮੰਦਰ-ਬਾਬਰੀ ਮਸਜਿਦ ਮਸਲੇ ’ਤੇ ਹੁਣ 10 ਜਨਵਰੀ ਨੂੰ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਏਗੀ। ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਤਿੰਨ ਜੱਜਾਂ ਦੀ ਬੈਂਚ ਅਯੋਧਿਆ ਵਿਵਾਦ ’ਤੇ ਸੁਣਵਾਈ ਦੀ ਤਾਰੀਖ਼ ਤੈਅ ਕਰੇਗੀ। ਇਸ ਫੈਸਲੇ ਮਗਰੋਂ ਸੰਤ ਸਮਾਜ ਨੇ ਫਿਰ ਸੁਪਰੀਮ ਕੋਰਟ ’ਤੇ ਮਾਮਲੇ ਦੀ ਸੁਣਵਾਈ ਲਟਕਾਉਣ ਦੇ ਇਲਜ਼ਾਮ ਲਾਏ ਹਨ। ਹੁਣ ਸਰਕਾਰ ਜਲਦ ਸੁਣਵਾਈ ਕਰਨ ਦੇ ਪੱਖ ਵਿੱਚ ਹੈ ਕਿਉਂਕਿ ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਰਾਮ ਮੰਦਰ ਦੀ ਸੁਣਵਾਈ ਅਹਿਮ ਮੰਨੀ ਜਾ ਰਹੀ ਹੈ।

ਅੱਜ ਦੀ ਸੁਣਵਾਈ ਵਿੱਚ ਚੀਫ਼ ਜਸਟਿਸ ਰੰਜਨ ਗੋਗੋਈ ਤੇ ਜਸਟਿਸ ਐਸਕੇ ਕੌਲ ਦੀ ਬੈਂਚ ਨੇ ਕਿਹਾ ਕਿ 10 ਜਨਵਰੀ ਨੂੰ ਤਿੰਨ ਤਿੰਨ ਜੱਜਾਂ ਦੀ ਬੈਂਚ ਮਾਮਲੇ ਦੀ ਤਾਰੀਖ਼ ਤੈਅ ਕਰਨ ਦੇ ਨਾਲ-ਨਾਲ ਸੁਣਵਾਈ ਦੀ ਰੂਪ-ਰੇਖਾ ਉਲੀਕੇਗੀ। ਮਾਮਲੇ ਦੀ ਸੁਣਵਾਈ 10 ਸੈਕਿੰਡ ਤੋਂ ਵੀ ਘੱਟ ਸਮੇਂ ਅੰਦਰ ਚੱਲੀ। ਇਸ ਤੋਂ ਪਹਿਲਾਂ ਅਕਤੂਬਰ ਵਿੱਚ ਅਦਾਲਤ ਨੇ ਜਨਵਰੀ ਤਕ ਸੁਣਵਾਈ ਟਾਲ ਦਿੱਤੀ ਸੀ। ਅੱਜ ਫਿਰ ਦੋ ਜੱਜਾਂ ਦੀ ਬੈਂਚ ਸੁਣਵਾਈ ਲਈ ਬੈਠੀ ਪਰ ਹੁਣ ਫਿਰ ਕਿਹਾ ਗਿਆ ਕਿ 10 ਜਨਵਰੀ ਨੂੰ ਤਿੰਨ ਜੱਜਾਂ ਦੀ ਬੈਂਚ ਮਾਮਲੇ ਦੀ ਸੁਣਵਾਈ ਕਰੇਗੀ।

ਜ਼ਿਕਰਯੋਗ ਹੈ ਕਿ ਅਯੋਧਿਆ ਦਾ ਮਸਲਾ ਪਿਛਲੇ 8 ਸਾਲਾਂ ਤੋਂ ਲੰਬਿਤ ਪਿਆ ਹੈ। 30 ਸਤੰਬਰ 2010 ਨੂੰ ਇਲਾਹਾਬਾਦ ਹਾਈ ਕੋਰਟ ਨੇ ਇਸ ਮਸਲੇ ’ਤੇ ਫੈਸਲਾ ਸੁਣਾਇਆ ਸੀ। ਹਾਈਕੋਰਟ ਨੇ ਵਿਵਾਦਤ ਜ਼ਮੀਨ ’ਤੇ ਮਸਜਿਦ ਤੋਂ ਪਹਿਲਾਂ ਹਿੰਦੂ ਮੰਦਰ ਹੋਣ ਦੀ ਗੱਲ ਮੰਨੀ ਸੀ ਪਰ ਜ਼ਮੀਨ ਨੂੰ ਰਾਮਲੱਲਾ ਵਿਰਾਜਮਾਨ, ਨਿਰਮੋਹੀ ਅਖਾੜਾ ਤੇ ਸੁੰਨੀ ਵਕਫ ਬੋਰਡ ਵਿਚਾਲੇ ਵੰਡਣ ਦਾ ਹੁਕਮ ਦਿੱਤਾ ਸੀ। ਇਸ ਤੋਂ ਬਾਅਦ ਸਾਰੇ ਪੱਖਾਂ ਨੇ ਸੁਪਰੀਮ ਕੋਰਟ ਪਹੁੰਚ ਕੀਤੀ ਸੀ।

Source:AbpSanjha