ਬੀਜੇਪੀ ਪ੍ਰਧਾਨ ਅਮਿਤ ਸ਼ਾਹ ਤੇ ਸੁਖਬੀਰ ਬਾਦਲ ਵਿੱਚ ਹੋਈ ਸੁਲਹ

Amit Shah And Sukhbir Badal

ਬੀਜੇਪੀ ਦੇ ਪ੍ਰਧਾਨ ਅਮਿਤ ਸ਼ਾਹ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਸ਼ਾਂਤ ਕਰ ਲਿਆ ਹੈ। ਇਸ ਬਾਰੇ ਦੋਵਾਂ ਲੀਡਰਾਂ ਵਿਚਾਲੇ ਸ਼ੁੱਕਰਵਾਰ ਦੇਰ ਰਾਤ ਦਿੱਲੀ ਵਿੱਚ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਅਮਿਤ ਸ਼ਾਹ ਨੇ ਸੁਖਬੀਰ ਨੂੰ ਭਰੋਸਾ ਦੁਵਾਇਆ ਹੈ ਕਿ ਉਨ੍ਹਾਂ ਦੇ ਸਾਰੇ ਸ਼ਿਕਵੇ ਦੂਰ ਕਰ ਦਿੱਤੇ ਜਾਣਗੇ।

ਬੀਜੇਪੀ ਪ੍ਰਧਾਨ ਸ਼ਾਹ ਨੇ ਕਿਹਾ ਹੈ ਕਿ ਆਰਐਸਐਸ ਦੀ ਸਹਾਇਕ ਜਥੇਬੰਦੀ ਰਾਸ਼ਟਰੀ ਸਿੱਖ ਸੰਗਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਅਦਾਰਿਆਂ ਵਿੱਚ ਦਖ਼ਲ ਨਹੀਂ ਦੇਵੇਗੀ। ਉਨ੍ਹਾਂ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਬੋਰਡ ਨਾਂਦੇੜ ਐਕਟ, 1956 ਦੀ ਧਾਰਾ 11 ਵਿੱਚ ਮਹਾਰਾਸ਼ਟਰ ਸਰਕਾਰ ਵੱਲੋਂ ਸੋਧ ਦੇ ਮਸਲੇ ਨੂੰ ਵੀ ਹੱਲ ਕਰਨ ਦਾ ਭਰੋਸਾ ਦੁਆਇਆ ਹੈ।

ਯਾਦ ਰਹੇ ਮਹਾਰਾਸ਼ਟਰ ਸਰਕਾਰ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਬੋਰਡ ਨਾਂਦੇੜ ਐਕਟ, 1956 ਦੀ ਧਾਰਾ 11 ਵਿੱਚ ਸੋਧ ਕਰ ਦਿੱਤੀ ਹੈ। ਇਸ ਨਾਲ ਮਹਾਰਾਸ਼ਟਰ ਸਰਕਾਰ ਨੂੰ ਗੁਰਦੁਆਰੇ ਦੀ ਪ੍ਰਬੰਧਕੀ ਕਮੇਟੀ ਵਿੱਚ ਆਪਣੇ ਨੁਮਾਇੰਦਿਆਂ ਦੀ ਗਿਣਤੀ ਵਿੱਚ ਵਾਧਾ ਕਰਨ ਦੀ ਖੁੱਲ੍ਹ ਮਿਲ ਗਈ ਹੈ। ਇਸ ਤੋਂ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਕਾਫੀ ਔਖਾ ਹੈ।

ਇਸ ਬਾਰੇ ਅਕਾਲੀ ਦਲ ਨੇ ਅੱਜ ਚੰਡੀਗੜ੍ਹ ਵਿੱਚ ਕੋਰ ਕਮੇਟੀ ਦੀ ਮੀਟਿੰਗ ਵੀ ਸੱਦੀ ਹੋਈ ਹੈ। ਇਸ ਤੋਂ ਪਹਿਲਾਂ ਬੀਜੇਪੀ ਪ੍ਰਧਾਨ ਨੇ ਸੁਖਬੀਰ ਨੂੰ ਸ਼ਾਂਤ ਕਰ ਲਿਆ ਹੈ। ਉਂਝ, ਅਕਾਲੀ ਦਲ ਵੀ ਅਜੇ ਬੀਜੇਪੀ ਤੋਂ ਪਾਸਾ ਨਹੀਂ ਵੱਟਣਾ ਚਾਹੁੰਦਾ।

Source:AbpSanjha