ਭਾਰਤ ਵਿੱਚ ਜਲਦ ਹੀ ਬੰਦ ਹੋਣਗੇ ਡੀਜ਼ਲ ਤੇ ਪੈਟਰੋਲ ਵਾਲੇ ਵਾਹਨ , ਪੜ੍ਹੋ ਪੂਰੀ ਖ਼ਬਰ

Delhi

ਨਵੀਂ ਦਿੱਲੀ : ਭਾਰਤ ਵਿੱਚ ਵੱਧ ਰਹੇ ਪ੍ਰਦੂਸ਼ਨ ਦੀ ਸਮੱਸਿਆ ਨੂੰ ਰੋਕਣ ਅਤੇ ਤੇਲ ਦੀਆਂ ਵੱਧ ਰਹੀਆਂ ਕੀਮਤਾਂ ਤੋਂ ਛੁਟਕਾਰਾ ਪਾਉਣ ਲਈ ਮੋਦੀ ਸਰਕਾਰ ਇਸ ਬਾਰ ਵੱਡਾ ਉਪਰਾਲਾ ਕਰ ਰਹੀ ਹੈ। ਸਰਕਾਰ ਦੀ ਪੂਰੀ ਕੋਸ਼ਿਸ਼ ਹੈ ਕਿ ਭਾਰਤ ਵਿੱਚ ਤੇਲ ਵਾਲੇ ਵਾਹਨਾ ਦੀ ਥਾਂ ਇਲੈਕਟ੍ਰੋਨਿਕ ਵਾਹਨ ਚਲਾਏ ਜਾਣ, ਤਾਂ ਜੋ ਭਾਰਤ ਵਿੱਚ ਹੋ ਰਹੇ ਹਵਾ ਪ੍ਰਦੂਸ਼ਨ ਨੂੰ ਨੱਥ ਪਾਈ ਜਾ ਸਕੇ।

ਨੀਤੀ ਆਯੋਗ ਨੇ ਫੈਸਲਾ ਲਿਆ ਹੈ ਕਿ ਸਾਲ 2030 ਤੋਂ ਬਾਅਦ ਭਾਰਤ ਵਿੱਚ ਸਿਰਫ਼ ਇਲੈਕਟ੍ਰੋਨਿਕ ਵਾਹਨ ਹੀ ਚਲਾਏ ਜਾਣਗੇ। ਸੀਈਓ ਅਮਿਤਾਭ ਕਾਂਤ ਨੇ ਦੱਸਿਆ ਕਿ ਸਿਰਫ ਸਾਲ 2025 ਤੋਂ 150 ਸੀਸੀ ਇੰਜਨ ਵਾਲੀਆਂ ਗੱਡੀਆਂ ਬਾਜ਼ਾਰ ‘ਚ ਉਤਾਰੀਆਂ ਜਾਣਗੀਆਂ ਅਤੇ ਇਸ ਪ੍ਰਸਤਾਵ ਨੂੰ ਜਲਦੀ ਹੀ ਪੂਰਾ ਕੀਤਾ ਜਾਵੇਗਾ।

ਵਿਭਾਗ ਦੇ ਇਸ ਪ੍ਰਸਤਾਵ ਨੂੰ ਸੜਕ ਆਵਾਜਾਈ ਤੇ ਰਾਜ ਮਾਰਗ ਮੰਤਰਾਲੇ ਕੋਲ ਭੇਜ ਦਿੱਤਾ ਗਿਆ ਹੈ। ਸੜਕ ਆਵਾਜਾਈ ਤੇ ਰਾਜ ਮਾਰਗ ਮੰਤਰਾਲੇ ਨੇ ਅਗਲੇ 10 ਸਾਲਾਂ ਤਕ ਡੀਜ਼ਲ ਤੇ ਪੈਟਰੋਲ ਵਾਹਨਾਂ ਦੀ ਸੇਲ ਨੂੰ ਰੋਕਣ ਲਈ ਯੋਜਨਾ ਤਿਆਰ ਕਰਨ ਦੀ ਪ੍ਰਸਤਾਵ ਰੱਖਿਆ ਹੈ। ਮੰਤਰਾਲਾ ਇਸ ਪ੍ਰਸਤਾਵ ਨੂੰ ਜਲਦੀ ਹੀ ਪੂਰਾ ਕਰਨ ਲਈ ਆਉਣ ਵਾਲੇ 20 ਸਾਲਾਂ ਤਕ 50 ਗੀਗਾਵਾਟ ਬੈਟਰੀ ਬਣਾਉਣ ਦੀ ਯੋਜਨਾ ‘ਤੇ ਵੀ ਕੰਮ ਕਰਨਾ ਚਾਹੁੰਦਾ ਹੈ।

ਇਹ ਵੀ ਪਤਾ ਲੱਗਿਆ ਹੈ ਕਿ ਆਟੋਮੋਬਾਈਲ ਉਦਯੋਗ ਵੱਲੋਂ ਭਾਰਤ ਵਿੱਚ ਇਲੈਕਟ੍ਰੋਨਿਕ ਵਾਹਨ ਚਲਾਉਣ ਤੇ ਭਾਰਤ ਸਰਕਾਰ ਦੀ ਇਸ ਯੋਜਨਾ ਦਾ ਵਿਰੋਧ ਕੀਤਾ ਜਾ ਰਿਹਾ ਹੈ। ਆਟੋਮੋਬਾਈਲ ਉਦਯੋਗ ਨਹੀਂ ਚਾਹੁੰਦਾ ਕਿ 100 ਫੀਸਦ ਇਲੈਕਟ੍ਰੋਨਿਕ ਵਾਹਨ ਯੋਜਨਾ ਨੂੰ ਲਾਗੂ ਕੀਤਾ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਆਯੋਗ ਬਗੈਰ ਵਿਚਾਰ-ਵਟਾਂਦਰਾ ਕੀਤੇ ਇਸ ਨੂੰ ਲਾਗੂ ਕਰਨ ‘ਚ ਜਲਦਬਾਜ਼ੀ ਕਰ ਰਿਹਾ ਹੈ।