ਕੇਬਲ-ਡੀਟੀਐਚ ਗਾਹਕਾਂ ਲਈ ਰਾਹਤ ਦੀ ਖਬਰ

TRAI Dth Rules

ਕੇਬਲ-ਡੀਟੀਐਚ ਆਪਰੇਟਰਾਂ ਤੇ ਗਾਹਕਾਂ ਲਈ ਰਾਹਤ ਦੀ ਖਬਰ ਹੈ। ਟੈਲੀਕਾਮ ਰੈਗੂਲੇਟਰ ਟਰਾਈ ਨੇ ਡੀਟੀਐਚ ਅਪਰੇਟਰਾਂ ਨੂੰ ਕਿਹਾ ਹੈ ਕਿ ਜੇਕਰ ਗਾਹਕ ਲੰਬੇ ਸਮੇਂ ਦੇ ਪੈਕ ਮਿਆਦ ਪੁੱਗਣ ਤਕ ਜਾਰੀ ਰੱਖਣਾ ਚਾਹੁਣ ਤਾਂ ਉਸ ਦਾ ਪਾਲਣ ਕੀਤਾ ਜਾਵੇ। ਇਸ ਦਾ ਭਾਵ ਹੈ ਚੈਨਲ ਨਾ ਚੁਣਨ ਦੀ ਸੂਰਤ ਵਿੱਚ ਵੀ ਤੁਹਾਡੇ ਟੀਵੀ ਬੰਦ ਨਹੀਂ ਹੋਣਗੇ।

ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ (ਟਰਾਈ) ਦੇ ਚੇਅਰਮੈਨ ਆਰਐਸ ਸ਼ਰਮਾ ਨੇ ਦੱਸਿਆ ਕਿ ਪ੍ਰਸਾਰਣ ਤੇ ਕੇਬਲ ਸੇਵਾਵਾਂ ਦੇ ਨਵੇਂ ਰੇਟਾਂ ਵਾਲਾ ਪ੍ਰਬੰਧ ਪਹਿਲੀ ਫਰਵਰੀ ਤੋਂ ਹੀ ਲਾਗੂ ਹੋਵੇਗਾ ਤੇ ਇਸ ’ਚ ਕੋਈ ਬਦਲਾਅ ਨਹੀਂ ਕੀਤਾ ਜਾ ਰਿਹਾ ਹੈ।

ਸ਼ਰਮਾ ਨੇ ਕਿਹਾ ਕਿ ਤੈਅ ਦਿਨ ‘ਤੇ ਗਾਹਕਾਂ ਨੂੰ ਕੋਈ ਦਿੱਕਤ ਆਏ ਬਿਨਾਂ ਸਾਰਾ ਨਵਾਂ ਪ੍ਰਬੰਧ ਹੋਂਦ ’ਚ ਆ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਗਾਹਕ ਚਾਹੁਣ ਤਾਂ ਉਹ ਮੌਜੂਦਾ ਲੰਬੀ ਮਿਆਦ ਵਾਲੇ ਪੈਕ ਨੂੰ ਵਿਚਾਲੇ ਹੀ ਛੱਡ ਕੇ ਆਪਣੀ ਮਰਜ਼ੀ ਦੇ ਚੈਨਲਾਂ ਦੀ ਚੋਣ ਕਰ ਸਕਦੇ ਹਨ ਤੇ ਅਪਰੇਟਰ ਨੂੰ ਬਕਾਇਆ ਰਾਸ਼ੀ ਗਾਹਕ ਨਾਲ ਅਡਜਸਟ ਕਰਨੀ ਪਏਗੀ।

ਟਰਾਈ ਚੈਨਲਾਂ ਦੀ ਦਰ ਬਾਰੇ ਨਵੇਂ ਪ੍ਰਬੰਧ ਨੂੰ ਪਹਿਲੀ ਫਰਵਰੀ ਤੋਂ ਲਾਗੂ ਕਰਨ ਜਾ ਰਿਹਾ ਹੈ। ਇਸ ਤਹਿਤ ਗਾਹਕ ਆਪਣੀ ਮਰਜ਼ੀ ਦੇ ਚੈਨਲਾਂ ਦੀ ਚੋਣ ਕਰ ਸਕਣਗੇ ਤੇ ਸਿਰਫ਼ ਉਨ੍ਹਾਂ ਚੈਨਲਾਂ ਦੇ ਹੀ ਪੈਸੇ ਦੇਣਗੇ ਜਿਹੜੇ ਉਹ ਦੇਖਣਾ ਚਾਹੁਣਗੇ। ਇਸ ਤੋਂ ਇਲਾਵਾ ਕਈ ਮੁਫ਼ਤ ਚੈਨਲ ਹਨ ਜਿਨ੍ਹਾਂ ਦਾ ਪ੍ਰਸਾਰਣ ਕੀਤਾ ਜਾਵੇਗਾ। ਟਰਾਈ ਨੇ ਚੈਨਲਾਂ ਨੂੰ ਵੀ ਕਿਹਾ ਹੈ ਕਿ ਉਹ ਹਰ ਚੈਨਲ ਦਾ ਰੇਟ ਦਰਸਾਉਣ ਤਾਂ ਜੋ ਗਾਹਕਾਂ ਨੂੰ ਉਨ੍ਹਾਂ ਦੀ ਚੋਣ ਕਰਨਾ ਆਸਾਨ ਹੋ ਸਕੇ।

Source:AbpSanjha