‘ਲਵ ਮੈਰਿਜ’ ਨੇ ਕਰਵਾਇਆ ਮੁੰਡੇ ਦੇ ਪਿਤਾ, ਭਰਾ ਤੇ ਭੈਣ ਦਾ ਕਤਲ

TarnTaran  Murder Case

ਪੰਜਾਬ ਵਿੱਚ ਹਰ ਰੋਜ਼ ਨਵੇਂ ਤੋਂ ਨਵੇਂ ਮਾਮਲੇ ਦਾ ਖੁਲਾਸਾ ਹੋ ਰਿਹਾ ਹੈ। ਖ਼ਬਰ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਨੌਸ਼ਹਿਰਾ ਢਾਲਾ ਦੀ ਹੈ ਜਿੱਥੇ ਕੁੱਝ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਰਕੇ ਪੰਜਾਬ ਦੀ ਸਥਿਤੀ ਵਿਗੜ ਰਹੀ ਹੈ। ਪਿੰਡ ਨੌਸ਼ਹਿਰਾ ਢਾਲਾ ਦੇ ਵਾਸੀ ਹਰਸੰਦੀਪ ਸਿੰਘ ਨੂੰ ਲਵ ਮੈਰਿਜ ਕਰਾਉਣੀ ਬੇਹੱਦ ਮਹਿੰਗੀ ਪੈ ਗਈ। ਹਰਸੰਦੀਪ ਸਿੰਘ ਦੀ ਪ੍ਰੇਮਿਕਾ ਦੇ ਪਰਿਵਾਰ ਨੇ ਅੱਧੀ ਰਾਤ ਤੇਜ਼ਧਾਰ ਹਥਿਆਰਾਂ ਨਾਲ ਉਸ ਦੇ ਪਰਿਵਾਰ ‘ਤੇ ਹਮਲਾ ਕਰ ਦਿੱਤਾ।

ਪ੍ਰੇਮਿਕਾ ਦੇ ਪਰਿਵਾਰ ਨੇ ਹਰਸੰਦੀਪ ਸਿੰਘ ਦੀ ਇਸ ਕਰਤੂਤ ਕਰਕੇ ਉਸ ਦੇ ਪਿਤਾ ਜੋਗਿੰਦਰ ਸਿੰਘ, ਭਰਾ ਪਵਨਦੀਪ ਸਿੰਘ ਤੇ ਭੈਣ ਪ੍ਰਭਜੀਤ ਕੌਰ ਨੂੰ ਬੇਰਹਿਮੀ ਨਾਲ ਵੱਢ-ਵੱਢ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਤਰਨਤਾਰਨ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਤਲ ਕਾਂਡ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਤਿੰਨਾਂ ਦਾ ਕਤਲ ਇੰਨੀ ਬੇਰਹਿਮੀ ਨਾਲ ਕੀਤਾ ਗਿਆ ਹੈ ਕਿ ਉਨ੍ਹਾਂ ਦਾ ਪਛਾਣ ਕਰਨੀ ਵੀ ਮੁਸ਼ਕਲ ਹੈ।

ਇਹ ਵੀ ਪੜ੍ਹੋ: ਕੈਪਟਨ ਸਾਹਮਣੇ ਦਹਾੜਨ ਲਈ ਨਵਜੋਤ ਸਿੰਘ ਸਿੱਧੂ ਤਿਆਰ-ਬਰ-ਤਿਆਰ

ਜਾਣਕਾਰੀ ਅਨੁਸਾਰ ਇਸ ਕਤਲ ਕਾਂਡ ਨਾਲ ਪਿੰਡ ਨੌਸ਼ਹਿਰਾ ਢਾਲਾ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਜਾਣਕਾਰੀ ਅਨੁਸਾਰ ਹਰਸੰਦੀਪ ਦੀ ਦੋ ਮਹੀਨੇ ਪਹਿਲਾਂ ਪਿੰਡ ਦੀ ਹੀ ਕੁੜੀ ਨਾਲ ਕੋਰਟ ਮੈਰਿਜ ਹੋਈ ਸੀ। ਹਰਸੰਦੀਪ ਦੀ ਪ੍ਰੇਮਿਕਾ ਦਾ ਪਰਿਵਾਰ ਇਸ ਵਿਆਹ ਲਈ ਬਿਲਕੁਲ ਵੀ ਰਾਜ਼ੀ ਨਹੀਂ ਸੀ। ਇਸੇ ਕਰਕੇ ਉਨ੍ਹਾਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ।

ਇਲਾਕੇ ਦੇ ਡੀਐਸਪੀ ਕਮਲਜੀਤ ਸਿੰਘ ਔਲਖ ਨੇ ਦੱਸਿਆ ਕਿ ਲੜਕੀ ਦੇ ਪਿਤਾ ਤੇ ਭਰਾ ਨੇ ਨਿੱਜੀ ਰੰਜ਼ਿਸ਼ ਕਰਕੇ ਇਸ ਘਟਨਾ ਨੂੰ ਅੰਜਾਮ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਲੜਕੀ ਦੇ ਪਰਿਵਾਰ ‘ਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਉਹਨਾਂ ਨੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ।