ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਇੱਕ ਵਿਦਿਆਰਥਣ ਨੇ ਫਾਹਾ ਲੈ ਕੇ ਕੀਤੀ ਆਤਮ ਹੱਤਿਆ

students-suicide-in-gndu-amritsar

ਪੰਜਾਬ ਦੇ ਵਿੱਚ ਆਤਮ ਹੱਤਿਆ ਕਰਨ ਦੇ ਕਾਫੀ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਇੱਕ ਹੋਰ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ। ਜਿੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਬੋਟਨੀ ਵਿਭਾਗ ਦੀ ਐੱਮ. ਐੱਸ. ਈ. ਦੀ ਇੱਕ ਵਿਦਿਆਰਥਣ ਨੇ ਬੀਤੇ ਦਿਨ ਸ਼ਾਮ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਮਿਲੀ ਜਾਣਕਾਰੀ ਦੇ ਅਨੁਸਾਰ ਇਹ ਘਟਨਾ ਰਾਤ 8 ਵਜੇ ਦੀ ਹੈ। ਮ੍ਰਿਤਕਾ ਦੀ ਪਛਾਣ ਕਾਜਲ ਵਜੋਂ ਹੋਈ, ਜੋ ਗਰਲਜ਼ ਹੋਸਟਲ ਨੰਬਰ 4 ਵਿਚ ਰਹਿੰਦੀ ਸੀ।

ਦੱਸਿਆ ਹੈ ਰਿਹਾ ਹੈ ਕਿ ਕਾਜਲ ਪਿਛਲੇ ਕੁਝ ਦਿਨਾਂ ਤੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ। ਥਾਣਾ ਕੰਟੋਨਮੈਂਟ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਦੀ ਕਾਰਵਾਈ ਲਈ ਹਸਪਤਾਲ ਭੇਜ ਦਿੱਤਾ ਹੈ। ਖੁਦਕੁਸ਼ੀ ਦੇ ਕਾਰਣ ਸਪੱਸ਼ਟ ਨਹੀਂ ਹੋ ਸਕੇ। ਮਿਲੀ ਜਾਣਕਾਰੀ ਮੁਤਾਬਕ ਅੱਜ ਸ਼ਾਮ ਮ੍ਰਿਤਕ ਕਾਜਲ ਦੀਆਂ ਸਹੇਲੀਆਂ ਉਸ ਕੋਲ ਆਈਆਂ ਤੇ ਉਸ ਨੂੰ ਆਪਣੇ ਨਾਲ ਚੱਲਣ ਲਈ ਕਹਿਣ ਲੱਗੀਆਂ ਪਰ ਉਸ ਨੇ ਜਾਣ ਤੋਂ ਮਨ੍ਹਾ ਕਰ ਦਿੱਤਾ। ਜਦੋਂ ਸਹੇਲੀਆਂ ਵਾਪਸ ਪਰਤੀਆਂ ਤਾਂ ਉਨ੍ਹਾਂ ਦੇਖਿਆ ਕਿ ਕਮਰਾ ਅੰਦਰੋਂ ਬੰਦ ਸੀ, ਜਿਸ ‘ਤੇ ਤੁਰੰਤ ਯੂਨੀਵਰਸਿਟੀ ਪ੍ਰਬੰਧਕ ਨੂੰ ਸੂਚਿਤ ਕੀਤਾ ਗਿਆ।

ਜ਼ਰੂਰ ਪੜ੍ਹੋ: ਕੈਲੀਫੋਰਨੀਆ ਦੇ ਹਾਈ ਸਕੂਲ ਦੇ ਵਿੱਚ ਹੋਈ ਗੋਲੀਬਾਰੀ, 1 ਵਿਅਕਤੀ ਦੀ ਮੌਤ ਤੇ ਦਰਜਨ ਜ਼ਖਮੀ

ਜਦੋਂ ਹੋਸਟਲ ‘ਚ ਤਾਇਨਾਤ ਸੁਰੱਖਿਆ ਕਰਮਚਾਰੀ ਨੇ ਕਮਰੇ ਦਾ ਦਰਵਾਜ਼ਾ ਤੋੜਿਆ ਤਾਂ ਦੇਖਿਆ ਕਿ ਵਿਦਿਆਰਥਣ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਤੁਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ ਅਤੇ ਮ੍ਰਿਤਕਾ ਨੂੰ ਇਕ ਨਿੱਜੀ ਹਸਪਤਾਲ ‘ਚ ਲਿਜਾਇਆ ਗਿਆ। ਪੁਲਸ ਕਾਜਲ ਵਲੋਂ ਕੀਤੀ ਗਈ ਖੁਦਕੁਸ਼ੀ ਦੇ ਕਾਰਣਾਂ ਸਬੰਧੀ ਉਸ ਦੀਆਂ ਸਹੇਲੀਆਂ ਤੋਂ ਜਾਣਕਾਰੀ ਹਾਸਲ ਕਰ ਰਹੀ ਹੈ। ਥਾਣਾ ਕੰਟੋਨਮੈਂਟ ਦੇ ਇੰਚਾਰਜ ਦਾ ਕਹਿਣਾ ਹੈ ਕਿ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਵਿਦਿਆਰਥਣ ਦੇ ਕਮਰੇ ‘ਚੋਂ ਬਰਾਮਦ ਕੀਤੇ ਉਸ ਦੇ ਮੋਬਾਇਲ ਦਾ ਲਾਕ ਖੁੱਲ੍ਹਵਾ ਕੇ ਉਸ ਦੀ ਜਾਂਚ ਕਰਵਾਈ ਜਾਵੇਗੀ ਤਾਂ ਕਿ ਖੁਦਕੁਸ਼ੀ ਦੇ ਕਾਰਣਾਂ ਦੀ ਜਾਣਕਾਰੀ ਮਿਲ ਸਕੇ।