ਐਸਐਸਪੀ ਸੰਦੀਪ ਗੋਇਲ ਨੇ ਆਪਣੇ ਹੀ ਵਿਭਾਗ ਨੂੰ ਸੁਣਾਈਆਂ ਖਰੀਆਂ-ਖਰੀਆਂ

SSP Sandeep Goyal

ਫਿਰੋਜ਼ਪੁਰ: ਐਸਐਸਪੀ ਸੰਦੀਪ ਗੋਇਲ ਦੀ ਨਸ਼ਿਆਂ ਵਿਰੁੱਧ ਵਾਇਰਲ ਹੋ ਰਹੀ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇੱਥੇ ਨਸ਼ਿਆਂ ਵਿੱਚ ਗ਼ਰਕ ਹੋ ਰਹੀ ਜਵਾਨੀ ਨੂੰ ਸੁਧਾਰਨ ਲਈ ਸੈਮੀਨਾਰ ਕਰਾਇਆ ਗਿਆ ਸੀ। ਇਸ ਸੈਮੀਨਾਰ ਵਿੱਚ ਐਸਐਸਪੀ ਗੋਇਲ ਨੇ ਆਪਣੇ ਹੀ ਪੁਲਿਸ ਵਿਭਾਗ ਨੂੰ ਖਰੀਆਂ-ਖਰੀਆਂ ਸੁਣਾਈਆਂ। ਉਨ੍ਹਾਂ ਨਸ਼ਾ ਖਤਮ ਨਾ ਹੋਣ ਪਿੱਛੇ ਆਪਣੇ ਵਿਭਾਗ ਦੀ ਨਾਕਾਮੀ ਨੂੰ ਵੱਡਾ ਕਾਰਨ ਦੱਸਿਆ। ਐਸਐਸਪੀ ਸੰਦੀਪ ਗੋਇਲ ਨੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਨਸੀਹਤ ਦਿੱਤੀ।

ਉਹਨਾਂ ਕਿਹਾ ਕਿ ਜੋ ਪੁਲਿਸ ਮੁਲਾਜ਼ਮ ਸਰਕਾਰ ਤੋਂ ਲੱਖਾਂ ਮੂੰਹੀ ਤਨਖਾਹ ਲੈਂਦੇ ਹਨ ਉਹ ਆਪਣਾ ਫਰਜ਼ ਪੂਰੀ ਇਮਾਨਦਾਰੀ ਨਾਲ ਨਿਭਾਉਣ। ਉਹਨਾਂ ਨੇ ਉਹਨਾਂ ਪੁਲਿਸ ਮੁਲਾਜਮਾਂ ਨੂੰ ਕਾਲੀ ਕਮਾਈ ਤੋਂ ਬਚਣ ਦੀ ਅਪੀਲ ਵੀ ਕੀਤੀ। ਉਹਨਾਂ ਨੇ ਨਸ਼ਿਆਂ ਵਿਰੁੱਧ ਕੀਤੇ ਸੈਮੀਨਾਰ ਵਿੱਚ ਕਿਹਾ ਹੈ ਕਿ ਉਹਨਾਂ ਦਾ ਪੁਲਿਸ ਪ੍ਰਸ਼ਾਸਨ ਕਿਸੇ ਵੀ ਸਿਆਸੀ ਪਾਰਟੀ ਦੇ ਅਧੀਨ ਨਹੀਂ ਹਨ। ਉਹਨਾਂ ਨੇ ਕਿਹਾ ਜੇਕਰ ਪੰਜਾਬ ਵਿੱਚ ਅਜੇ ਨਸ਼ਾ ਵਿਕ ਰਿਹਾ ਹੈ ਤਾਂ ਇਸ ਲਈ ਉਹ ਪੁਲਿਸ ਅਧਿਕਾਰੀ ਜਿੰਮੇਵਾਰ ਹਨ ਜੋ ਆਪਣੀ ਨੌਕਰੀ ਇਮਾਨਦਾਰੀ ਨਾਲ ਨਹੀਂ ਕਰਦੇ।

ਐਸਐਸਪੀ ਸੰਦੀਪ ਗੋਇਲ ਨੇ ਪੁਲਿਸ ਮੁਲਾਜਮਾਂ ਤੇ ਅਧਿਕਾਰੀਆਂ ਨੂੰ ਮਿਲਦੀਆਂ ਤਨਖਾਹਾਂ ਦਾ ਹਵਾਲਾ ਦਿੰਦਿਆਂ ਕਿਹਾ ਹਰ ਇੱਕ ਪੁਲਿਸ ਮੁਲਾਜ਼ਮ ਨੂੰ ਆਪਣੀ ਨੌਕਰੀ ਇਮਾਨਦਾਰੀ ਨਾਲ ਕਰਨੀ ਚਾਹੀਦੀ ਹੈ। ਇਸ ਸੈਮੀਨਾਰ ਦੇ ਦੌਰਾਨ ਐਸਐਸਪੀ ਸੰਦੀਪ ਗੋਇਲ ਪੁਲਿਸ ਪ੍ਰਸ਼ਾਸਨ ਵਿੱਚ ਲੁਕੀਆਂ ਕਾਲੀਆਂ ਭੇਡਾਂ ਨੂੰ ਪਛਾਣਨ ਦੀ ਵਕਾਲਤ ਕਰ ਰਹੇ ਸਨ, ਜੋ ਕਿ ਪੁਲਿਸ ਪ੍ਰਸ਼ਾਸਨ ਲਈ ਬੇਇੱਜਤੀ ਦਾ ਕਾਰਨ ਬਣਦੇ ਹਨ। ਨਸ਼ਿਆਂ ਵਿਰੁੱਧ ਕੀਤੇ ਗਏ ਸੈਮੀਨਾਰ ਵਿੱਚ ਐਸਐਸਪੀ ਸੰਦੀਪ ਗੋਇਲ ਸਿਆਸਤਦਾਨਾਂ ਦੇ ਖੌਫ ਤੋਂ ਵੀ ਆਜ਼ਾਦ ਦਿਖਾਈ ਦੇ ਰਹੇ ਹਨ।