ਭਾਰਤ ਦੇ ਵਿਨੋਦ ਕੁਮਾਰ ਨੇ ਐਤਵਾਰ ਨੂੰ ਟੋਕੀਓ ਪੈਰਾਲਿੰਪਿਕਸ ਵਿੱਚ ਪੁਰਸ਼ ਡਿਸਕਸ ਥ੍ਰੋ (F52) ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਵਿਨੋਦ ਨੇ ਫਾਈਨਲ ਵਿੱਚ 19.91 ਮੀਟਰ ਦੀ ਸਰਬੋਤਮ ਕੋਸ਼ਿਸ਼ ਕੀਤੀ ਜਿਸ ਨਾਲ ਕਾਂਸੀ ਤਮਗਾ ਪੱਕਾ ਹੋਇਆ। ਉਸਨੇ ਇਸ ਨਾਲ ਨਵਾਂ ਏਸ਼ੀਅਨ ਰਿਕਾਰਡ ਵੀ ਕਾਇਮ ਕੀਤਾ। ਪੋਲੈਂਡ ਦੇ ਪਿਓਟਰ ਕੋਸੇਵਿਚ ਨੇ 20.02 ਮੀਟਰ ਦੀ ਕੋਸ਼ਿਸ਼ ਨਾਲ ਸੋਨ ਤਗਮਾ ਜਿੱਤਿਆ ਜਦੋਂ ਕਿ ਕ੍ਰੋਏਸ਼ੀਆ ਦੇ ਵੇਲੀਮੀਰ ਸੈਂਡੋਰ ਨੇ 19.98 ਮੀਟਰ ਦੇ ਥ੍ਰੋਅ ਨਾਲ ਚਾਂਦੀ ਦਾ ਤਮਗਾ ਜਿੱਤਿਆ। ਵਿਨੋਦ ਨੇ ਫਾਈਨਲ ਦੀ ਸ਼ੁਰੂਆਤ 17.46 ਮੀਟਰ ਦੀ ਕੋਸ਼ਿਸ਼ ਨਾਲ ਕੀਤੀ ਸੀ। ਹਾਲਾਂਕਿ, ਉਸਨੇ ਆਪਣੀ ਥ੍ਰੋਅ ਵਿੱਚ ਸੁਧਾਰ ਕੀਤਾ ਅਤੇ ਆਪਣੀ ਪੰਜਵੀਂ ਅਤੇ ਅੰਤ ਦੀ ਕੋਸ਼ਿਸ਼ ਵਿੱਚ ਮੈਡਲ ਜਿੱਤਣ ਵਿੱਚ ਸਫਲ ਰਿਹਾ।
ਸਮਾਚਾਰ ਏਜੰਸੀ ਪੀਟੀਆਈ ਨੇ ਰਿਪੋਰਟ ਦਿੱਤੀ, ਹਾਲਾਂਕਿ, ਇਵੈਂਟ ਦੇ ਨਤੀਜਿਆਂ ਨੂੰ ਕੁਝ ਹੋਰ ਮੁਕਾਬਲੇਬਾਜ਼ਾਂ ਨੇ ਚੁਣੌਤੀ ਦਿੱਤੀ ਹੈ, ਜਿਨ੍ਹਾਂ ਨੇ ਵਿਨੋਦ ਦੇ F52 ਸ਼੍ਰੇਣੀ ਵਿੱਚ ਵਰਗੀਕਰਨ ‘ਤੇ ਇਤਰਾਜ਼ ਕੀਤਾ ਹੈ। ਪੀਟੀਆਈ ਨੇ ਖੇਡ ਪ੍ਰਬੰਧਕਾਂ ਦੇ ਇੱਕ ਬਿਆਨ ਦੇ ਹਵਾਲੇ ਨਾਲ ਕਿਹਾ, “ਮੁਕਾਬਲੇ ਵਿੱਚ ਵਰਗੀਕਰਣ ਦੇ ਨਿਰੀਖਣ ਦੇ ਕਾਰਨ ਇਸ ਘਟਨਾ ਦੇ ਨਤੀਜਿਆਂ ਦੀ ਸਮੀਖਿਆ ਕੀਤੀ ਜਾ ਰਹੀ ਹੈ। ਜਿੱਤ ਸਮਾਰੋਹ 30 ਅਗਸਤ ਦੇ ਸ਼ਾਮ ਦੇ ਸੈਸ਼ਨ ਲਈ ਮੁਲਤਵੀ ਕਰ ਦਿੱਤਾ ਗਿਆ ਹੈ।”