ਭਾਰਤੀ ਟੀਮ ਨੇ ਆਸਟ੍ਰੇਲੀਆ ‘ਚ ODI ਸੀਰੀਜ਼ ਜਿੱਤ ਰਚਿਆ ਇਤਿਹਾਸ

india won 2019 odi series in australia

ਭਾਰਤੀ ਟੀਮ ਨੇ ਆਸਟ੍ਰੇਲੀਆ ਦੀ ਧਰਤੀ ‘ਤੇ ਕਮਾਲ ਕਰ ਦਿੱਤਾ ਹੈ। ਇਤਿਹਾਸ ਵਿੱਚ ਪਹਿਲੀ ਵਾਰ ਭਾਰਤ ਨੇ ਆਸਟ੍ਰੇਲੀਆ ਖ਼ਿਲਾਫ ਉਸੇ ਦੀ ਧਰਤੀ ‘ਤੇ ਟੈਸਟ ਅਤੇ ਇੱਕ ਦਿਨਾ ਮੈਚਾਂ ਦੀ ਲੜੀ ਜਿੱਤੀ ਹੈ। ਇਹ ਕਾਰਨਾਮਾ ਮੈਲਬਰਨ ‘ਚ ਖੇਡੇ ਗਏ ਆਖਰੀ ਇੱਕ ਦਿਨਾ ਮੈਚ ਨੂੰ ਸੱਤ ਵਿਕਟਾਂ ਨਾਲ ਜਿੱਤ ਕੇ ਕੀਤਾ ਹੈ।

ਭਾਰਤ ਦੇ ਸਾਬਕਾ ਕਪਤਾਨ ਮਹੇਂਦਰ ਸਿੰਘ ਧੋਨੀ ਨੇ ਨਾਬਾਦ 87 ਦੌੜਾਂ ਦੀ ਪਾਰੀ ਖੇਡ ਕੇ ਜਿੱਤ ਭਾਰਤ ਦੀ ਝੋਲੀ ਪਾਈ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਆਸਟ੍ਰੇਲੀਆ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ। ਭਾਰਤੀ ਗੇਂਦਬਾਜ਼ਾਂ ਨੇ ਲੜੀ ਦੇ ਆਖਰੀ ਮੈਚ ‘ਚ ਚੰਗੀ ਸ਼ੁਰੂਆਤ ਕੀਤੀ ਤੇ ਪੂਰੀ ਟੀਮ ਨੂੰ 49ਵੇਂ ਓਵਰ ਵਿੱਚ 230 ਦੌੜਾਂ ‘ਤੇ ਢੇਰ ਕਰ ਦਿੱਤਾ। ਯੁਜ਼ਵੇਂਦਰ ਚਹਿਲ ਨੇ ਸਭ ਤੋਂ ਵੱਧ ਛੇ ਭੁਵਨੇਸ਼ਵਕ ਕੁਮਾਰ ਤੇ ਮੁਹੰਮਦ ਸ਼ਮੀ ਨੇ ਦੋ-ਦੋ ਵਿਟਕਾਂ ਹਾਸਲ ਕੀਤੀਆਂ।

ਅਸਾਨ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਦੀ ਸ਼ੁਰੂਆਤ ਹਾਲਾਂਕਿ ਕੁਝ ਖਰਾਬ ਰਹੀ। ਨੌਂ ਦੌੜਾਂ ਬਣਾ ਕੇ ਰੋਹਿਤ ਸ਼ਰਮਾ ਅਤੇ 23 ਦੌੜਾਂ ਬਣਾ ਕੇ ਧਵਨ ਵੀ ਪੈਵੇਲੀਅਨ ਪਰਤ ਗਏ। ਇਸ ਤੋਂ ਬਾਅਦ ਵਿਰਾਟ ਕੋਹਲੀ ਤੇ ਮਹਿੰਦਰ ਸਿੰਘ ਧੋਨੀ ਨੇ ਟੀਮ ਨੂੰ ਸੰਭਾਲਿਆ। ਧੋਨੀ ਚੌਥੇ ਨੰਬਰ ਤੇ ਬੱਲੇਬਾਜ਼ੀ ਕਰਨ ਉਤਰੇ ਸਨ। ਦੋਵਾਂ ਵਿਚਕਾਰ 54 ਦੌੜਾਂ ਦੀ ਸਾਂਝੇਦਾਰੀ ਹੋਈ ਹੀ ਸੀ ਕਿ ਕਪਤਾਨ ਕੋਹਲੀ 46 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਸੀਰੀਜ਼ ਦਾ ਪਹਿਲਾ ਮੈਚ ਖੇਡ ਰਹੇ ਕੇਦਾਰ ਯਾਦਵ ਬੱਲੇਬਾਜ਼ੀ ਲਈ ਉਤਰੇ। ਧੋਨੀ ਤੇ ਯਾਦਵ ਨੇ ਮਿਲ ਕੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਤੇ ਮੈਚ ਨੂੰ ਜਿੱਤ ਤਕ ਪਹੁੰਚਾਇਆ।

ਹਾਲਾਂਕਿ, ਇਸ ਵਿਚਕਾਰ ਧੋਨੀ ਨੂੰ ਦੋ ਜੀਵਨਦਾਨ ਵੀ ਮਿਲੇ। ਆਸਟ੍ਰੇਲੀਆਈ ਫੀਲਡਰਾਂ ਨੇ ਧੋਨੀ ਦੇ ਦੋ ਕੈਚ ਛੱਡ ਦਿੱਤੇ। ਮੈਚ ‘ਚ ਛੇ ਵਿਕਟਾਂ ਹਾਸਲ ਕਰਨ ਵਾਲੇ ਯੁਜ਼ਵਿੰਦਰ ਚੈਹਲ ਨੂੰ ਮੈਨ ਆਫ ਦਾ ਮੈਚ ਚੁਣਿਆ ਗਿਆ। ਸੀਰੀਜ਼ ‘ਚ ਤਿੰਨ ਅਰਧ ਸੈਂਕੜੇ ਬਣਾ ਕੇ ਭਾਰਤ ਨੂੰ ਲੜੀ ਜਿਤਾਉਣ ਵਾਲੇ ਮਹਿੰਦਰ ਸਿੰਘ ਧੋਨੀ ਨੂੰ ਪਲੇਅਰ ਆਫ ਦਾ ਟੂਰਨਾਮੈਂਟ ਚੁਣਿਆ ਗਿਆ। ਸੀਰੀਜ਼ ਜਿੱਤਣ ਤੋਂ ਬਾਅਦ ਕਪਤਾਨ ਕੋਹਲੀ ਬਾਗ਼ੋਬਾਗ਼ ਹਨ।

Source: AbpSanjha